ਹਾਥਰਸ ਕੇਸ: ਭਾਜਪਾ ''ਤੇ ਰਾਹੁਲ ਦਾ ਹਮਲਾ- ਪੀੜਤਾਂ ਦੀ ਰੱਖਿਆ ਕਰਨ ਦੀ ਬਜਾਏ ਅਪਰਾਧੀਆਂ ਨੂੰ ਬਚਾ ਰਹੀ ਸਰਕਾਰ

Monday, Oct 12, 2020 - 05:33 PM (IST)

ਹਾਥਰਸ ਕੇਸ: ਭਾਜਪਾ ''ਤੇ ਰਾਹੁਲ ਦਾ ਹਮਲਾ- ਪੀੜਤਾਂ ਦੀ ਰੱਖਿਆ ਕਰਨ ਦੀ ਬਜਾਏ ਅਪਰਾਧੀਆਂ ਨੂੰ ਬਚਾ ਰਹੀ ਸਰਕਾਰ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਾਥਰਸ 'ਚ ਦਲਿਤ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਫਿਰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ  ਸਰਕਾਰ ਨੇ ਪੀੜਤਾ ਦੇ ਪਰਿਵਾਰ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਇਸ ਘਟਨਾ ਦੇ ਪੀੜਤ ਪੱਖ 'ਤੇ ਹਮਲਾ ਕੀਤਾ ਅਤੇ ਅਪਰਾਧੀਆਂ ਦੀ ਮਦਦ ਕੀਤੀ। ਪਾਰਟੀ ਵਲੋਂ 'ਸਪੀਕਅਪ ਫਾਰ ਵਿਮੈਨ ਸੈਫਟੀ' ਹੈਸ਼ਟੈਗ ਤੋਂ ਚਲਾਏ ਗਏ ਸੋਸ਼ਲ ਮੀਡੀਆ ਮੁਹਿੰਮ ਦੇ ਅਧੀਨ ਵੀਡੀਓ ਜਾਰੀ ਕਰ ਕੇ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜਨਾਨੀਆਂ ਨੂੰ ਨਿਆਂ ਦਿਵਾਉਣ ਲਈ ਲੋਕ ਸਰਕਾਰ 'ਤੇ ਦਬਾਅ ਬਣਾਉਣ। ਉਨ੍ਹਾਂ ਨੇ ਦਾਅਵਾ ਕੀਤਾ,''ਹਾਥਰਸ ਘਟਨਾ 'ਚ ਸਰਕਾਰ ਦਾ ਰਵੱਈਆ ਅਣਮਨੁੱਖੀ ਅਤੇ ਅਨੈਤਿਕ ਹੈ। ਉਹ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਬਜਾਏ ਅਪਰਾਧੀਆਂ ਦੀ ਰੱਖਿਆ ਕਰਨ 'ਚ ਲੱਗੇ ਹਨ।'' ਆਪਣੇ ਹਾਥਰਸ ਜਾਣ ਨਾਲ ਜੁੜੇ ਘਟਨਾਕ੍ਰਮ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਨੇਤਾ ਨੇ ਕਿਹਾ,''ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੈਨੂੰ ਉਸ ਪਰਿਵਾਰ ਨੂੰ ਕਿਉਂ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਆਖਰ ਉਸ ਪਰਿਵਾਰ ਦੀ ਧੀ ਦਾ ਕਤਲ ਹੋਇਆ ਸੀ ਅਤੇ ਜਬਰ ਜ਼ਿਨਾਹ ਹੋਇਆ ਸੀ। ਮੈਂ ਜਿਵੇਂ ਹੀ ਪਰਿਵਾਰ ਨੂੰ ਮਿਲਿਆ ਅਤੇ ਗੱਲਬਾਤ ਸ਼ੁਰੂ ਕੀਤੀ, ਉਸ ਤੋਂ ਬਾਅਦ ਸਰਕਾਰ ਨੇ ਪਰਿਵਾਰ 'ਤੇ ਹਮਲਾ ਸ਼ੁਰੂ ਕਰ ਦਿੱਤਾ।''

ਉਨ੍ਹਾਂ ਨੇ ਕਿਹਾ,''ਅਪਰਾਧੀਆਂ ਦੀ ਮਦਦ ਕਰਨਾ ਸਰਕਾਰ ਦਾ ਕੰਮ ਨਹੀਂ ਹੁੰਦਾ, ਅਪਰਾਧੀਆਂ ਦੀ ਰੱਖਿਆ ਕਰਨਾ ਸਰਕਾਰ ਦਾ ਕੰਮ ਨਹੀਂ ਹੁੰਦਾ। ਸਰਕਾਰ ਦਾ ਕੰਮ ਪੀੜਤਾਂ ਨੂੰ ਨਿਆਂ ਦੇਣ ਅਤੇ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਦਾ ਹੁੰਦਾ ਹੈ। ਇਹ ਕੰਮ ਉੱਤਰ ਪ੍ਰਦੇਸ਼ ਸਰਕਾਰ ਨਹੀਂ ਕਰ ਰਹੀ। ਸਾਨੂੰ ਸਮਾਜ ਨੂੰ ਬਦਲਣਾ ਹੈ, ਕਿਉਂਕਿ ਸਾਡੀਆਂ ਮਾਂਵਾਂ ਅਤੇ ਭੈਣਾਂ ਨਾਲ ਇਸ ਸਮਾਜ 'ਚ ਜੋ ਕੀਤਾ ਜਾਂਦਾ ਹੈ, ਉਹ ਅਨਿਆਂ ਹੈ।'' ਇਸ ਮੁਹਿੰਮ ਦੇ ਅਧੀਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ,''ਜਨਾਨੀਆਂ 'ਤੇ ਅਪਰਾਧ ਵਧ ਰਹੇ ਹਨ। ਇਸ ਵਿਚ ਪੀੜਤ ਜਨਾਨੀਆਂ ਦੀ ਸੱਚਾਈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਨ ਦੀ ਬਜਾਏ ਉਨ੍ਹਾਂ ਨੂੰ ਬਦਨਾਮ ਕਰਵਾਉਣਾ, ਉਨ੍ਹਾਂ 'ਤੇ ਦੋਸ਼ ਲਗਾਉਣਾ ਸਭ ਤੋਂ ਸ਼ਰਮਨਾਕ ਹਰਕਤ ਹੈ ਪਰ ਦੇਸ਼ ਦੀਆਂ ਜਨਾਨੀਆਂ ਹੁਣ ਚੁੱਪ ਨਹੀਂ ਰਹਿਣਗੀਆਂ।'' 

ਉਨ੍ਹਾਂ ਨੇ ਕਿਹਾ,''ਇਕ ਭੈਣ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਲੱਖਾਂ ਭੈਣਾਂ ਆਪਣੀ ਆਵਾਜ਼ ਬੁਲੰਦ ਕਰਨਗੀਆਂ ਅਤੇ ਉਨ੍ਹਾਂ ਨਾਲ ਖੜ੍ਹੀਆਂ ਹੋਣਗੀਆਂ। ਅਸੀਂ ਆਪਣੀ ਜ਼ਿੰਮੇਵਾਰੀ ਖ਼ੁਦ ਲੈ ਰਹੇ ਹਾਂ। ਹੁਣ ਜਨਾਨੀਆਂ ਨੂੰ ਹੀ ਸੁਰੱਖਿਆ ਦੀ ਜ਼ਿੰਮੇਵਾਰੀ ਚੁੱਕਣੀ ਹੋਵੇਗੀ।'' ਮੁਹਿੰਮ ਦੇ ਅਧੀਨ ਵੀਡੀਓ ਜਾਰੀ ਕਰ ਕੇ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਕਿਹਾ,''ਦੇਸ਼ ਦੇ ਕਿਸੇ ਵੀ ਪ੍ਰਦੇਸ਼ 'ਚ ਜਬਰ ਜ਼ਿਨਾਹ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਦੁਖ ਹੁੰਦਾ ਹੈ। ਜਬਰ ਜ਼ਿਨਾਹ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਸਰਕਾਰ ਆਪਣੀ ਜ਼ਿੰਮੇਵਾਰੀ ਦਾ ਪਾਲਣ ਕਰੇ। ਹਾਥਰਸ ਦੇ ਮਾਮਲੇ 'ਚ ਯੂ.ਪੀ. ਸਰਕਾਰ ਨੇ ਪੀੜਤਾ ਨਾਲ ਅਜਿਹਾ ਸਲੂਕ ਕੀਤਾ, ਜੋ ਕਿ ਸ਼ਰਮਨਾਕ ਹੈ।'' ਕਾਂਗਰਸ ਦੇ ਕਈ ਹੋਰ ਨੇਤਾਵਾਂ ਨੇ ਇਸ ਮੁਹਿੰਮ ਦੇ ਅਧੀਨ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਹਾਥਰਸ ਦੀ ਘਟਨਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ।


author

DIsha

Content Editor

Related News