ਰਾਹੁਲ ਮਹਾਰਾਸ਼ਟਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ, ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

11/08/2022 11:00:30 AM

ਮਹਾਰਾਸ਼ਟਰ- ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਯਾਨੀ ਕਿ ਅੱਜ ਨਾਂਦੇੜ ਜ਼ਿਲ੍ਹੇ ’ਚ ਇਕ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਮਗਰੋਂ ਇੱਥੇ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ। ਰਾਹੁਲ ਗਾਂਧੀ ਦੀ ਅਗਵਾਈ ’ਚ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ‘ਭਾਰਤ ਜੋੜੋ ਯਾਤਰਾ’ ਦਾ ਅੱਜ 62ਵਾਂ ਦਿਨ ਹੈ। ਯਾਤਰਾ ਸੋਮਵਾਰ ਰਾਤ ਤੇਲੰਗਾਨਾ ਤੋਂ ਮਹਾਰਾਸ਼ਟਰ ’ਚ ਦਾਖ਼ਲ ਹੋਣ ਮਗਰੋਂ ਮੰਗਲਵਾਰ ਸਵੇਰੇ ਕਾਂਗਰਸ ਸੰਸਦ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਯਾਦਗਾਰੀ ਬਾਬਾ ਜ਼ੋਰਾਵਰ ਸਿੰਘ ਜੀ ਫਤਿਹ ਸਿੰਘ ਜੀ ਵਿਖੇ ਨਤਮਸਤਕ ਹੋਏ। 

PunjabKesari

ਕਾਂਗਰਸ ਪਾਰਟੀ ਨੇ ਕੀਤਾ ਇਹ ਟਵੀਟ

ਕਾਂਗਰਸ ਪਾਰਟੀ ਨੇ ਇਕ ਟਵੀਟ ਵਿਚ ਕਿਹਾ ਕਿ ਰਾਹੁਲ ਗਾਂਧੀ ਨੇ ਗੁਰਦੁਆਰੇ ਵਿਚ ਸਦਭਾਵਨਾ ਅਤੇ ਸਮਾਨਤਾ ਲਈ ਪ੍ਰਾਰਥਨਾ ਕੀਤੀ। ਇਹ ਪੈਦਲ ਯਾਤਰਾ ਮੰਗਲਵਾਰ (8 ਨਵੰਬਰ) ਸਵੇਰੇ ਨਾਂਦੇੜ ਜ਼ਿਲ੍ਹੇ ਦੇ ਬਿਲੋਲੀ ਸਥਿਤ ਅਟਕਾਲੀ ਤੋਂ ਸ਼ੁਰੂ ਹੋਈ। ਰਾਹੁਲ ਦੀ ਯੋਜਨਾ ਬਿਲੋਲੀ ਦੇ ਗੋਦਾਵਰੀ ਮੰਤਰ ਚੀਨੀ ਮਿਲ ਮੈਦਾਨ ’ਚ ਠਹਿਰਣ ਦੀ ਹੈ।

ਨੋਟਬੰਦੀ ਨੂੰ ਲੈ ਕੇ ਸਰਕਾਰ ’ਤੇ ਕੱਸਿਆ ਤੰਜ਼

ਸੋਮਵਾਰ ਰਾਤ ਨੂੰ ਮਸ਼ਾਲ ਲੈ ਕੇ ਮਹਾਰਾਸ਼ਟਰ ਵਿਚ ਦਾਖਲ ਹੁੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕੇਂਦਰ ਦੀਆਂ ਗਲਤ ਨੀਤੀਆਂ ਜਿਵੇਂ ਨੋਟਬੰਦੀ ਅਤੇ ਵਸਤੂ ਅਤੇ ਸੇਵਾ ਟੈਕਸ (ਜੀ. ਐਸ. ਟੀ) ਦੇ ਲਾਗੂ ਹੋਣ ਕਾਰਨ ਛੋਟੇ ਅਤੇ ਦਰਮਿਆਨੇ ਉਦਯੋਗ/ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ ਦੇ ਦੌਰੇ ਦੌਰਾਨ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ। 

PunjabKesari

ਪੈਦਲ ਯਾਤਰਾ ਦਾ ਟੀਚਾ ਨਫ਼ਰਤ, ਗੁੱਸੇ ਅਤੇ ਹਿੰਸਾ ਵਿਰੁੱਧ ਆਵਾਜ਼ ਚੁੱਕਣਾ

ਗਾਂਧੀ ਨੇ ਕਿਹਾ ਕਿ ਸਤੰਬਰ ਵਿਚ ਸ਼ੁਰੂ ਹੋਈ ਪੈਦਲ ਯਾਤਰਾ ਸ਼੍ਰੀਨਗਰ ਵਿਚ ਤਿਰੰਗਾ ਲਹਿਰਾਉਣ ਦੇ ਨਾਲ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਸਾਨੂੰ ਰੋਕ ਨਹੀਂ ਸਕਦੀ, ਯਾਤਰਾ ਦਾ ਉਦੇਸ਼ ਦੇਸ਼ ਨੂੰ ਇਕੱਠੇ ਕਰਨਾ ਅਤੇ ਦੇਸ਼ ਦੇ ਸਾਹਮਣੇ ਖੜ੍ਹੇ ਮੁੱਖ ਮੁੱਦਿਆਂ ਨੂੰ ਚੁੱਕਣਾ ਹੈ। ਰਾਹੁਲ ਨੇ ਕਿਹਾ ਕਿ ਭਾਰਤ ਦੀ ਸੱਚਾਈ ਇਹ ਹੈ ਕਿ ਇਹ ਚਾਹ ਕੇ ਵੀ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਦਾ। ਜਿੱਥੇ ਇਕ ਪਾਸੇ ਬੇਰੁਜ਼ਗਾਰੀ ਹੈ, ਉੱਥੇ ਦੂਜੇ ਪਾਸੇ ਮਹਿੰਗਾਈ ਵੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਇਸ ਪੈਦਲ ਯਾਤਰਾ ਦਾ ਟੀਚਾ ਨਫ਼ਰਤ, ਗੁੱਸੇ ਅਤੇ ਹਿੰਸਾ ਵਿਰੁੱਧ ਆਵਾਜ਼ ਚੁੱਕਣਾ ਹੈ।

PunjabKesari


Tanu

Content Editor

Related News