ਕੇਰਲ ਦੇ ਅਲਪੁਝਾ ਪਹੁੰਚੀ ‘ਭਾਰਤ ਜੋੜੋ ਯਾਤਰਾ’, ਰਾਹੁਲ ਗਾਂਧੀ ਨੌਜਵਾਨਾਂ ਨਾਲ ਕਰਨਗੇ ਮੁਲਾਕਾਤ
Saturday, Sep 17, 2022 - 04:22 PM (IST)
ਕੇਰਲ– ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ ਯਾਤਰਾ’ ਸ਼ਨੀਵਾਰ ਨੂੰ ਕੇਰਲ ਦੇ ਅਲਪੁਝਾ ਜ਼ਿਲ੍ਹੇ ’ਚ ਪਹੁੰਚੀ। ਕੇਰਲ ’ਚ ਇਸ ਯਾਤਰਾ ਦਾ ਇਹ 7ਵਾਂ ਦਿਨ ਹੈ। ਰਾਹੁਲ ਦੁਪਹਿਰ ਦਾ ਭੋਜਨ ਅਤੇ ਆਰਾਮ ਕਰਨ ਮਗਰੋਂ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੁਝ ਨੌਜਵਾਨਾਂ ਨਾਲ ਗੱਲਬਾਤ ਕਰਨਗੇ ਅਤੇ ਕਯਾਮਕੁਲਮ ’ਚ ਵਿਸ਼ੇਸ਼ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ। ਇਸ ਦਰਮਿਆਨ ਰਾਹੁਲ ਨੂੰ ਮਿਲਣ ਲਈ ਨੈਸ਼ਨਲ ਹਾਈਵੇਅ ਦੇ ਦੋਹਾਂ ਪਾਸੇ ਸੈਂਕੜੇ ਲੋਕ ਇਕੱਠੇ ਹੋਏ। ਪੈਦਲ ਯਾਤਰਾ ਦੇ ਕੋਲੱਮ ਜ਼ਿਲ੍ਹੇ ਤੋਂ ਲੰਘਣ ਮਗਰੋਂ ਕਾਂਗਰਸ ਵਰਕਰ ਨੂੰ ਇਕ ਇਮਾਰਤ ਦੇ ਉੱਪਰ ਦੇਸ਼ ’ਚ ਬੇਰੁਜ਼ਗਾਰੀ ਖ਼ਿਲਾਫ ਪ੍ਰਦਰਸ਼ਨ ਕਰਦੇ ਹੋਏ ਵੇਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਸਰੀਰ ’ਤੇ ‘ਰਾਸ਼ਟਰੀ ਬੇਰੁਜ਼ਗਾਰੀ ਦਿਵਸ’ ਲਿਖਵਾਇਆ ਹੋਇਆ ਸੀ।
ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘‘20-24 ਸਾਲ ਦੇ 42 ਫ਼ੀਸਦੀ ਨੌਜਵਾਨ ਬੇਰੁਜ਼ਗਾਰ ਹਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਭਾਰਤ ’ਚ 45 ਸਾਲਾਂ ’ਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਸੀ। ਪਿਛਲੇ ਕੁਝ ਸਾਲਾਂ ਤੋਂ ਨੌਜਵਾਨ 17 ਸਤੰਬਰ ਨੂੰ ‘ਰਾਸ਼ਟਰੀ ਬੇਰੁਜ਼ਗਾਰ ਦਿਵਸ’ ਦੇ ਰੂਪ ’ਚ ਮਨਾਉਂਦੇ ਆ ਰਹੇ ਹਨ। ਭਾਰਤ ਜੋੜੋ ਯਾਤਰਾ ਨੌਜਵਾਨ ਵਿਰੋਧੀ ਮੋਦੀ ਸਰਕਾਰ ਖ਼ਿਲਾਫ ਇਕਜੁੱਟਤਾ ਨਾਲ ਅੱਗੇ ਵੱਧ ਰਹੀ ਹੈ। ਰਾਹੁਲ ਅਤੇ ਪਾਰਟੀ ਦੇ ਹੋਰ ਮੈਂਬਰ ਸ਼ਾਮ 5 ਵਜੇ ਦੇ ਕਰੀਬ ਪੈਦਲ ਯਾਤਰਾ ਸ਼ੁਰੂ ਕਰਨਗੇ ਅਤੇ 8 ਕਿਲੋਮੀਟਰ ਦਾ ਸਫ਼ਰ ਕਰਨਗੇ। ਰਾਹੁਲ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਕੇ. ਸੁਰੇਸ਼, ਕੇ. ਮੁਰਲੀਧਰਨ, ਕੇ. ਸੀ. ਵੇਣੂਗੋਪਾਲ ਅਤੇ ਸੂਬਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸ਼ਨ ਵੀ ਪੈਦਲ ਯਾਤਰਾ ਕਰ ਰਹੇ ਹਨ।
ਦੱਸਣਯੋਗ ਹੈ ਕਿ ਕਾਂਗਰਸ ਦੀ 3,570 ਕਿਲੋਮੀਟਰ ਲੰਬੀ ਅਤੇ 150 ਦਿਨ ਤੱਕ ਚੱਲਣ ਵਾਲੀ ਪੈਦਲ ਯਾਤਰਾ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਕੀਤੀ ਗਈ ਸੀ। ਯਾਤਰਾ 12 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹੋ ਕੇ ਲੰਘੇਗੀ। ਭਾਰਤ ਜੋੜੋ ਯਾਤਰਾ 10 ਸਤੰਬਰ ਦੀ ਸ਼ਾਮ ਨੂੰ ਕੇਰਲ ਪਹੁੰਚੀ ਸੀ। ਕੇਰਲ ’ਚ 450 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ ਅਤੇ ਇਸ ਦੌਰਾਨ 19 ਦਿਨਾਂ ’ਚ 7 ਜ਼ਿਲ੍ਹਿਆਂ ਦੀ ਯਾਤਰਾ ਕੀਤੀ ਜਾਵੇਗੀ। ਇਸ ਤੋਂ ਬਾਅਦ 1 ਅਕਤੂਬਰ ਯਾਤਰਾ ਨੂੰ ਕਰਨਾਟਕ ਪਹੁੰਚੇਗੀ। ਇਸ ਯਾਤਰਾ ਦੌਰਾਨ ਕਸ਼ਮੀਰ ਤੱਕ ਪੈਦਲ ਯਾਤਰਾ ਕੀਤੀ ਜਾਵੇਗੀ।