ਵੋਟ ਚੋਰੀ ’ਤੇ ਭਵਿੱਖ ’ਚ ਹੋਰ ਵੀ ‘ਵਿਸਫੋਟਕ ਸਬੂਤ’ ਪੇਸ਼ ਕਰਾਂਗੇ : ਰਾਹੁਲ ਗਾਂਧੀ
Thursday, Sep 11, 2025 - 09:49 PM (IST)

ਰਾਇਬਰੇਲੀ, (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ‘ਵੋਟ ਚੋਰੀ’ ਦੇ ਆਪਣੇ ਦੋਸ਼ਾਂ ਨੂੰ ਦੋਹਰਾਉਂਦੇ ਹੋਏ ਦਾਅਵਾ ਕੀਤਾ ਕਿ ਭਵਿੱਖ ’ਚ ਉਹ ਇਸ ਸਬੰਧ ’ਚ ਹੋਰ ਵੀ ‘ਡਾਇਨਾਮਿਕ ਐਕਸਪਲੋਸਿਵ’ (ਵਿਸਫੋਟਕ) ਸਬੂਤ ਪੇਸ਼ ਕਰਨਗੇ। ਵਿਸ਼ੇਸ਼ ਡੂੰਘਾਈ ਨਾਲ ਸੋਧ (ਐੱਸ. ਆਈ. ਆਰ.) ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਦੀਆਂ ਚੋਣਾਂ ’ਚ ਵੋਟ ਚੋਰੀ ਹੋਈ ਹੈ। ਅਸੀਂ ‘ਬਲੈਕ ਐਂਡ ਵ੍ਹਾਈਟ’ ਸਬੂਤ ਦਿੱਤੇ ਹਨ।
ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ‘ਵੋਟ ਚੋਰ, ਗੱਦੀ ਛੋੜ’ ਦਾ ਨਾਅਰਾ ਹੁਣ ਪੂਰੇ ਦੇਸ਼ ’ਚ ਗੂੰਜ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਤੁਹਾਨੂੰ ਦਿਖਾਵਾਂਗੇ, ਭਾਰਤ ਦੇ ਨੌਜਵਾਨੋ, ਸੁਣੋ, ਇਹੀ ਸੱਚਾਈ ਹੈ ਅਤੇ ਚੋਰੀ ਕਰ ਕੇ ਸਰਕਾਰਾਂ ਬਣਾਈਆਂ ਜਾ ਰਹੀਆਂ ਹਨ।” ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਗਾਰੰਟੀ ਦਿੰਦੇ ਹਾਂ ਕਿ ਅਸੀਂ ਤੁਹਾਨੂੰ ਸਬੂਤ ਦੇਵਾਂਗੇ। ਕਾਂਗਰਸ ਨੇਤਾ ਨੇ ਭਾਜਪਾ ਨੇਤਾਵਾਂ ’ਤੇ ਵਿਅੰਗ ਕਸਦਿਆਂ ਕਿਹਾ ਕਿ ਭਾਜਪਾ ਨੇਤਾ ਜੋ ਉਤੇਜਿਤ ਹੋ ਰਹੇ ਹਨ, ਉਤੇਜਿਤ ਨਾ ਹੋਵੋ। ਜਦੋਂ ‘ਹਾਈਡ੍ਰੋਜਨ ਬੰਬ’ ਆਵੇਗਾ, ਤਾਂ ਸਭ ਕੁਝ ਸਾਫ਼ ਹੋ ਜਾਵੇਗਾ।
ਰਾਹੁਲ ਗਾਂਧੀ ਨੇ ਵੀਰਵਾਰ ਨੂੰ ਰਾਇਬਰੇਲੀ ਦੇ ਕਲੈਕਟਰੇਟ ਸਥਿਤ ਬੱਚਤ ਭਵਨ ਆਡੀਟੋਰੀਅਮ ’ਚ ਜ਼ਿਲਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਅਮੇਠੀ ਤੋਂ ਸੰਸਦ ਮੈਂਬਰ ਕੇ. ਐੱਲ. ਸ਼ਰਮਾ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਰਾਜ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਸਮੇਤ ਕਈ ਲੋਕ-ਨੁਮਾਇੰਦੇ ਸ਼ਾਮਲ ਸਨ।