ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣਾਂ ''ਚ ਕਾਂਗਰਸ ਦੀ ਹਾਰ ਲਈ ਚੋਣ ਕਮਿਸ਼ਨ ਨੂੰ ਦੱਸਿਆ ਜ਼ਿੰਮੇਵਾਰ
Sunday, Jul 27, 2025 - 10:42 AM (IST)

ਨੈਸ਼ਨਲ ਡੈਸਕ- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਗੁਜਰਾਤ ’ਚ ਪਾਰਟੀ ਦੀਆਂ ਜ਼ਿਲ੍ਹਾ ਇਕਾਈ ਮੁਖੀਆਂ ਨੂੰ ਭਰੋਸਾ ਦਿੱਤਾ ਹੈ ਕਿ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਉਨ੍ਹਾਂ ਦੀ ਰਾਏ ’ਤੇ ਵੀ ਵਿਚਾਰ ਕੀਤਾ ਜਾਵੇਗਾ।
ਸ਼ਨੀਵਾਰ ‘ਸੰਗਠਨ ਸਰੁਜਨ ਅਭਿਆਨ’ (ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਮੁਹਿੰਮ) ਅਧੀਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਸਿਖਲਾਈ ਕੈਂਪ ’ਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਚੋਣ ਕਮਿਸ਼ਨ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ ਤੇ ਕਿਹਾ ਕਿ ਭਾਜਪਾ ਨੂੰ ਉਸ ਦੇ ‘ਮੁੱਖ ਗੜ੍ਹ’ ਗੁਜਰਾਤ ’ਚ ਹਰਾਉਣਾ ਅਹਿਮ ਹੈ।
ਕਾਂਗਰਸ ਨੇ 2027 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਆਨੰਦ ਸ਼ਹਿਰ ਨੇੜੇ ਇਕ ਰਿਜ਼ਾਰਟ ’ਚ ਜ਼ਿਲ੍ਹਾ ਪਾਰਟੀ ਕਮੇਟੀਆਂ ਦੇ ਨਵ-ਨਿਯੁਕਤ ਪ੍ਰਧਾਨਾਂ ਲਈ ਇਕ ਕੈਂਪ ਦਾ ਆਯੋਜਨ ਕੀਤਾ ਸੀ। ਪਾਰਟੀ ਦੇ ਮਿਸ਼ਨ 2027 ਲਈ ਬਲਿਊ ਪ੍ਰਿੰਟ ਤਿਆਰ ਕਰਨ ਦੇ ਇਰਾਦੇ ਨਾਲ ਆਯੋਜਿਤ ਇਹ ਕੈਂਪ 28 ਜੁਲਾਈ ਨੂੰ ਖ਼ਤਮ ਹੋਵੇਗਾ।
ਰਾਜਕੋਟ ਜ਼ਿਲ੍ਹਾ ਕਾਂਗਰਸ ਦੇ ਮੁਖੀ ਰਾਜਦੀਪ ਸਿੰਘ ਜਡੇਜਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਾਨੂੰ ਲੋਕਾਂ ਨਾਲ ਸਬੰਧਤ ਮੁੱਦੇ ਉਠਾਉਣ ਲਈ ਕਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵੱਖ-ਵੱਖ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਤੋਂ ਪਹਿਲਾਂ ਸ਼ਹਿਰ ਅਤੇ ਜ਼ਿਲ੍ਹਾ ਇਕਾਈਆਂ ਦੇ ਮੁਖੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; BLA ਨੇ ਫ਼ੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ! 23 ਜਵਾਨਾਂ ਨੂੰ ਉਤਾਰਿਆ ਮੌਤ ਦੇ ਘਾਟ
ਇਕ ਹੋਰ ਨੇਤਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕ੍ਰਿਕਟ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਚੋਣ ਕਮਿਸ਼ਨ ’ਤੇ ‘ਪੱਖਪਾਤੀ ਅੰਪਾਇਰ’ ਹੋਣ ਦਾ ਦੋਸ਼ ਲਾਇਆ, ਜਿਸ ਕਾਰਨ ਕਾਂਗਰਸ ਚੋਣਾਂ ਹਾਰ ਰਹੀ ਹੈ। ਸੁਰੇਂਦਰਨਗਰ ਜ਼ਿਲਾ ਕਾਂਗਰਸ ਦੇ ਪ੍ਰਧਾਨ ਨੌਸ਼ਾਦ ਸੋਲੰਕੀ ਨੇ ਕਿਹਾ ਕਿ ਕ੍ਰਿਕਟ ’ਚ ਜੇ ਤੁਸੀਂ ਵਾਰ-ਵਾਰ ਆਊਟ ਹੁੰਦੇ ਹੋ ਤਾਂ ਤੁਸੀਂ ਆਪਣੇ ਆਪ ’ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹੋ ਪਰ ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਆਪਣੀ ਗਲਤੀ ਕਾਰਨ ਆਊਟ ਨਹੀਂ ਹੋ ਰਹੇ। ਇਹ ਅੰਪਾਇਰ ਕਾਰਨ ਹੈ ਜੋ ਪੱਖਪਾਤੀ ਹੈ। ਰਾਹੁਲ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਦੀ ਸ਼ੱਕੀ ਵੋਟਰ ਸੂਚੀ ਕਾਰਨ 2017 ਦੀਆਂ ਗੁਜਰਾਤ ਚੋਣਾਂ ਹਾਰ ਗਏ।
ਭਾਜਪਾ-ਸੰਘ ਫੈਸਲਾ ਕਰ ਰਹੇ ਹਨ ਕਿ ਕਿਸ ਨੂੰ ਕੀ ਮਿਲੇਗਾ
ਇਕ ਹੋਰ ਉਦਾਹਰਣ ਦਿੰਦਿਆਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਦੇਸ਼ ਦੀ ਤੁਲਨਾ ਇਕ ਮੰਦਰ ਨਾਲ ਕੀਤੀ ਜਿੱਥੇ ਹਰ ਕੋਈ ਆ ਕੇ ਪ੍ਰਾਰਥਨਾ ਕਰ ਸਕਦਾ ਹੈ, ਪਰ ਭਾਜਪਾ-ਸੰਘ ਇਹ ਫੈਸਲਾ ਕਰ ਰਹੇ ਹਨ ਕਿ ਕਿਸ ਨੂੰ ਪ੍ਰਸ਼ਾਦ ਵਜੋਂ ਕੀ ਦੇਣਾ ਹੈ।
ਸੋਲੰਕੀ ਨੇ ਰਾਹੁਲ ਗਾਂਧੀ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਆਰ.ਐੱਸ.ਐੱਸ. ਵਾਲੇ ਇਹ ਫੈਸਲਾ ਕਰਦੇ ਹਨ ਕਿ ਕੀ ਕੋਈ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਜਾਂ ਹੋਰ ਪੱਛੜੇ ਵਰਗ ਤੋਂ ਆਉਂਦਾ ਹੈ। ਜੇ ਅਡਾਨੀ ਜਾਂ ਅੰਬਾਨੀ ਆਉਂਦੇ ਹਨ ਤਾਂ ਕੀ ਦਿੱਤਾ ਜਾਣਾ ਚਾਹੀਦਾ ਹੈ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e