ਰਾਹੁਲ ਦੀ ਇਫਤਾਰ ਪਾਰਟੀ ''ਚ PM ਮੋਦੀ ਦੀ ਵੀਡੀਓ ਦਾ ਉੱਡਿਆ ਮਜ਼ਾਕ
Thursday, Jun 14, 2018 - 04:20 AM (IST)

ਨੈਸ਼ਨਲ ਡੈਸਕ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਇਫਤਾਰ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿੱਟਨੈੱਸ ਵੀਡੀਓ ਦਾ ਜੰਮ ਕੇ ਮਜ਼ਾਕ ਉਡਾਇਆ ਗਿਆ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ 'ਫਿੱਟਨੈੱਸ ਚੈਲੰਜ' ਦੇ ਤਹਿਤ ਆਪਣੀ ਵੀਡੀਓ ਜਾਰੀ ਕੀਤੀ, ਜਿਸ 'ਤੇ ਰਾਹੁਲ ਦੀ ਪਾਰਟੀ 'ਚ ਚਰਚਾ ਦੌਰਾਨ ਕਈ ਆਗੂਆਂ ਨੂੰ ਠਹਾਕੇ ਲਗਾਉਂਦੇ ਹੋਏ ਦੇਖਿਆ ਗਿਆ।
ਇਫਤਾਰ ਪਾਰਟੀ ਮੌਕੇ ਰਾਹੁਲ ਗਾਂਧੀ ਨੇ ਵਿਰੋਧੀ ਦਲਾਂ ਦੇ ਕਈ ਆਗੂਆਂ ਨੂੰ ਸੱਦਾ ਦਿੱਤਾ। ਜਿਸ 'ਚ ਮਾਕਪਾ ਮੁੱਖ ਸਕੱਤਰ ਸੀਤਾਰਾਮ ਯੇਚੁਰੀ, ਡੀ. ਐੱਮ. ਕੇ ਦੀ ਸੰਸਦ ਮੈਂਬਰ ਕਨਿਮੋਝੀ, ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ, ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ, ਐੱਨ. ਸੀ. ਪੀ. ਦੇ ਡੀ. ਪੀ. ਤ੍ਰਿਪਾਠੀ, ਜਦਯੂ ਦੇ ਸਾਬਕਾ ਆਗੂ ਸ਼ਰਦ ਯਾਦਵ ਆਦਿ ਸ਼ਾਮਲ ਹੋਏ। ਇਸ ਦੌਰਾਨ ਕੁੱਝ ਆਗੂ ਰਾਹੁਲ ਗਾਂਧੀ ਦੇ ਨਾਲ ਬੈਠੇ ਹੋਏ ਸਨ। ਰਾਹੁਲ ਨੇ ਆਪਣੇ ਟੇਬਲ 'ਤੇ ਬੈਠੇ ਇਕ ਮਹਿਮਾਨ ਤੋਂ ਪੁੱਛਿਆ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਫਿੱਟਨੈੱਸ ਵੀਡੀਓ ਦੇਖੀ? ਫਿਰ ਕੁੱਝ ਦੇਰ ਬਾਅਦ ਉਹ ਖੁਦ ਹੀ ਬੋਲੇ ਕਿ ਇਹ (ਵੀਡੀਓ) ਬਹੁਤ ਹੀ ਅਜੀਬ ਹੈ, ਜਿਸ 'ਤੇ ਦਿਨੇਸ਼ ਤ੍ਰਿਵੇਦੀ ਅਤੇ ਸੀਤਾਰਾਮ ਯੇਚੁਰੀ ਜੋਰ ਨਾਲ ਹੱਸ ਪਏ। ਫਿਰ ਰਾਹੁਲ ਨੇ ਸੀਤਾਰਾਮ ਯੇਚੁਰੀ ਨੂੰ ਹੱਸਦੇ ਹੋਏ ਪੁੱਛਿਆ ਕਿ ਤੁਸੀਂ ਵੀ ਆਪਣੀ ਫਿੱਟਨੈੱਸ ਵੀਡੀਓ ਬਣਾਈ ਹੈ, ਜਿਸ ਤੋਂ ਬਾਅਦ ਯੇਚੁਰੀ ਫਿਰ ਹੱਸ ਪਏ।