ਅਗਨੀਵੀਰ ਦੀ ਨੌਕਰੀ ਛੱਡ ਚੁੱਕਾ ਨੌਜਵਾਨ ਲਗਾ ਰਿਹਾ ਸੀ ਆਵਾਜ਼, ਰਾਹੁਲ ਨੇ ਮੰਚ ’ਤੇ ਸੱਦ ਕੇ ਗਲੇ ਲਾਇਆ
Wednesday, May 29, 2024 - 11:04 AM (IST)
ਆਰਾ- ਬਿਹਾਰ ਦੀ ਆਰਾ ਲੋਕ ਸਭਾ ਸੀਟ ’ਤੇ ਚੋਣ ਪ੍ਰਚਾਰ ਦੌਰਾਨ ਇਕ ਰੈਲੀ ’ਚ ਜਦ ਰਾਹੁਲ ਗਾਂਧੀ ਅਗਨੀਵੀਰ ਯੋਜਨਾ ਨੂੰ ਲੈ ਕੇ ਬੋਲ ਰਹੇ ਸਨ ਤਾਂ ਇਕ ਨੌਜਵਾਨ ਦੀ ਆਵਾਜ਼ ਸੁਣ ਕੇ ਰਾਹੁਲ ਗਾਂਧੀ ਨੇ ਉਸ ਨੂੰ ਮੰਚ ’ਤੇ ਹੀ ਸੱਦ ਲਿਆ। ਅਸਲ ’ਚ ਇਹ ਨੌਜਵਾਨ ਭੋਜਪੁਰ ਜ਼ਿਲੇ ਦੇ ਬਿਹਿਆ ਥਾਣਾ ਖੇਤਰ ਦੇ ਭਾਦਰਾ ਪਿੰਡ ਦਾ ਵਿਕਾਸ ਕੁਮਾਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਉਹ ਨੌਜਵਾਨ ਅਗਨੀਵੀਰ ਦੀ ਨੌਕਰੀ ਕਰ ਕੇ ਵਾਪਸ ਮੁੜ ਚੁੱਕਾ ਹੈ। ਉਸ ਦੇ ਘਰ ਵਾਲੇ ਹੁਣ ਉਸ ਨੂੰ ਸੇਵਾ ’ਚ ਨਹੀਂ ਜਾਣ ਦੇਣਾ ਚਾਹੁੰਦੇ ਹਨ। ਰਿਪੋਰਟ ਅਨੁਸਾਰ ਭੀੜ ’ਚ ਖੜ੍ਹੇ ਨੌਜਵਾਨ ਨੇ ਰਾਹੁਲ ਗਾਂਧੀ ਨੂੰ ਆਵਾਜ਼ ਮਾਰੀ ਸੀ। ਇਸ ’ਤੇ ਜਦ ਰਾਹੁਲ ਗਾਂਧੀ ਨੇ ਦੇਖਿਆ ਤਾਂ ਨੌਜਵਾਨ ਆਪਣੇ ਹੱਥਾਂ ’ਚ ਇਕ ਕਾਗਜ਼ ਲੈ ਕੇ ਖੜ੍ਹਾ ਸੀ। ਰਾਹੁਲ ਗਾਂਧੀ ਨੇ ਬਿਨਾ ਦੇਰ ਕੀਤਿਆਂ ਉਸ ਨੌਜਵਾਨ ਨੂੰ ਮੰਚ ’ਤੇ ਸੱਦਿਆ। ਉਨ੍ਹਾਂ ਨੇ ਇਸ਼ਾਰਾ ਕੀਤਾ ਤਾਂ ਸੁਰੱਖਿਆ ਕਰਮਚਾਰੀਆਂ ਨੇ ਵੀ ਰਾਹ ਦੇ ਦਿੱਤਾ ਅਤੇ ਨੌਜਵਾਨ ਮੰਚ ’ਤੇ ਪਹੁੰਚ ਗਿਆ। ਨੌਜਵਾਨ ਨੇ ਪਹੁੰਚਦੇ ਹੀ ਰਾਹੁਲ ਗਾਂਧੀ ਦੇ ਪੈਰ ਛੂਹ ਕੇ ਪ੍ਰਣਾਮ ਕੀਤਾ ਅਤੇ ਰਾਹੁਲ ਗਾਂਧੀ ਨੇ ਉਸ ਨੂੰ ਗਲੇ ਲਗਾਇਆ। ਇਧਰ ਭੀੜ ’ਚ ਹਰ ਕੋਈ ਹੈਰਾਨ ਰਹਿ ਗਿਆ ਅਤੇ ਉਸ ਨੌਜਵਾਨ ਦੀ ਚਰਚਾ ਹੋਣ ਲੱਗੀ।
ਉਸ ਨੌਜਵਾਨ ਨੂੰ ਮੰਚ ’ਤੇ ਰੋਕ ਕੇ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਇੰਡੀਆ ਗੱਠਜੋੜ ਦੀ ਸਰਕਾਰ ਬਣੀ ਤਾਂ ਉਹ ਸਭ ਤੋਂ ਪਹਿਲਾਂ ਅਗਨੀਵੀਰ ਯੋਜਨਾ ਨੂੰ ਪਾੜ ਕੇ ਕੂੜੇਦਾਨ ’ਚ ਸੁੱਟਨ ਦਾ ਕੰਮ ਕਰਨਗੇ। ਰਾਹੁਲ ਗਾਂਧੀ ਨੂੰ ਸੁਣਨ ਲਈ ਚੋਣ ਰੈਲੀ ’ਚ ਕਾਫੀ ਗਿਣਤੀ ’ਚ ਨੌਜਵਾਨ ਵੀ ਪਹੁੰਚੇ ਸਨ। ਉੱਧਰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਨੌਜਵਾਨ ਵਿਕਾਸ ਕੁਮਾਰ ਕਾਫੀ ਖੁਸ਼ ਨਜ਼ਰ ਆ ਰਿਹਾ ਸੀ। ਗੱਲਬਾਤ ਦੇ ਕ੍ਰਮ ’ਚ ਉਸ ਨੇ ਕਿਹਾ ਕਿ ਅੱਜ ਉਹ ਬਹੁਤ ਹੀ ਖੁਸ਼ ਹੈ ਕਿਉਂਕਿ ਰਾਹੁਲ ਗਾਂਧੀ ਨੇ ਉਸ ਨੂੰ ਮੰਚ ’ਤੇ ਸੱਦਿਆ ਅਤੇ ਅਗਨੀਵੀਰ ਯੋਜਨਾ ਨੂੰ ਖਤਮ ਕਰਨ ਦੀ ਗੱਲ ਕਹੀ ਹੈ। ਉਸ ਨੇ ਕਿਹਾ ਕਿ ਉਹ ਘਰ ਤੋਂ ਜਦ ਨਿਕਲਿਆ ਸੀ, ਉਦੋਂ ਇਹ ਸੋਚ ਲਿਆ ਸੀ ਕਿ ਉਹ ਰਾਹੁਲ ਗਾਂਧੀ ਨੂੰ ਮਿਲੇਗਾ ਪਰ ਉਸ ਨੂੰ ਉਮੀਦ ਨਹੀਂ ਸੀ ਕਿ ਭੀੜ ’ਚੋਂ ਉਸ ਨੂੰ ਮੰਚ ’ਤੇ ਸੱਦਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8