ਰਾਹੁਲ ਤੇ ਪ੍ਰਿਯੰਕਾ ਦੀ ਅਪੀਲ- ਹਿਮਾਚਲ ਦੇ ਲੋਕ ਸੂਬੇ ਦੇ ਭਵਿੱਖ ਲਈ ਪਾਉਣ ਵੋਟ
Saturday, Nov 12, 2022 - 11:40 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਰਡਾ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸੂਬੇ ਦੇ ਭਵਿੱਖ ਨੂੰ ਸੰਵਾਰਨ ’ਚ ਯੋਗਦਾਨ ਪਾਉਣ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਹਿਮਾਚਲ ਵੋਟ ਕਰੇਗਾ OPS (ਪੁਰਾਣੀ ਪੈਨਸ਼ਨ ਯੋਜਨਾ) ਲਈ, ਹਿਮਾਚਲ ਵੋਟ ਕਰੇਗਾ ਰੁਜ਼ਗਾਰ ਲਈ, ਹਿਮਾਚਲ ਵੋਟ ਕਰੇਗਾ ‘ਹਰ ਘਰ ਲਕਸ਼ਮੀ’ ਲਈ। ਆਓ, ਵੱਡੀ ਗਿਣਤੀ ਵਿਚ ਵੋਟ ਪਾਈਏ ਅਤੇ ਹਿਮਾਚਲ ਦੀ ਤਰੱਕੀ ਅਤੇ ਖ਼ੁਸ਼ਹਾਲ ਭਵਿੱਖ ਲਈ ਆਪਣਾ ਮਹੱਤਵਪੂਰਨ ਯੋਗਦਾਨ ਦੇਈਏ।’’
ਸੂਬੇ ’ਚ ਕਾਂਗਰਸ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲਣ ਵਾਲੀ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘‘ਪਿਆਰੇ ਹਿਮਾਚਲ ਵਾਸੀਓਂ, ਤੁਸੀਂ ਸਾਰੇ ਆਪਣੇ ਅਤੇ ਆਪਣੇ ਪ੍ਰਦੇਸ਼ ਦੇ ਹਲਾਤਾਂ ਤੋਂ ਵਾਕਿਫ਼ ਹੋ। ਆਪਣੇ ਹਾਲਾਤ ਨੂੰ ਵੇਖਦੇ ਹੋਏ ਪੂਰੀ ਸੂਝ-ਬੂਝ ਨਾਲ ਨਾਲ ਵੋਟਿੰਗ ਦੀ ਜ਼ਿੰਮੇਵਾਰੀ ਨਿਭਾਓ ਅਤੇ ਹਲਾਤਾਂ ਨੂੰ ਬਦਲਣ ਤੇ ਹਿਮਾਚਲ ਦੇ ਭਵਿੱਖ ਨੂੰ ਬੁਣਨ ’ਚ ਆਪਣਾ ਮਹੱਤਵਪੂਰਨ ਯੋਗਦਾਨ ਦਿਓ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 68 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਾਂ ਗਿਣਤੀ 8 ਦਸੰਬਰ ਨੂੰ ਹੋਵੇਗੀ।