ਲਾਕਡਾਊਨ ਨੂੰ ਲੈ ਕੇ ਪੀ. ਐਮ. ਮੋਦੀ ''ਤੇ ਰਾਹੁਲ ਦਾ ਤੰਜ
Sunday, Jun 14, 2020 - 12:00 AM (IST)
ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇਕ ਹੀ ਚੀਜ਼ ਵਾਰ-ਵਾਰ ਕਰਕੇ ਅਲੱਗ ਨਤੀਜੇ ਦੀ ਉਮੀਦ ਕਰਨਾ 'ਪਾਗਲਪਨ' ਹੁੰਦਾ ਹੈ। ਉਨ੍ਹਾਂ ਨੇ ਇਕ ਬਿਆਨ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ, ''ਇਕ ਹੀ ਚੀਜ਼ ਵਾਰ-ਵਾਰ ਕਰਨਾ ਅਤੇ ਫਿਰ ਅਲੱਗ-ਅਲੱਗ ਨਤੀਜਿਆਂ ਦੀ ਉਮੀਦ ਕਰਨਾ ਪਾਗਲਪਨ ਹੈ।''
ਕਾਂਗਰਸ ਨੇਤਾ ਨੇ ਲਾਕਡਾਊਨ ਦੇ ਚਾਰਾਂ ਪੜਾਵਾਂ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਵਾਧੇ ਨਾਲ ਜੁੜਿਆ ਇਕ ਗ੍ਰਾਫ ਵੀ ਸ਼ੇਅਰ ਕੀਤਾ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਕੋਰੋਨਾਵਾਇਰਸ ਦੇ ਇਕ ਦਿਨ ਵਿਚ ਸਭ ਤੋਂ ਜ਼ਿਆਦਾ 11,458 ਮਾਮਲੇ ਸਾਹਮਣੇ ਆਉਣ ਨਾਲ ਸ਼ਨੀਵਾਰ ਨੂੰ ਪ੍ਰਭਾਵਿਤਾਂ ਦੇ ਕੁਲ ਮਾਮਲੇ 3 ਲੱਖ ਨੂੰ ਪਾਰ ਕਰ ਗਏ, ਉਥੇ ਕੋਰੋਨਾ ਕਾਰਨ 386 ਲੋਕਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦੀ ਗਿਣਤੀ ਵਧ ਕੇ 8,884 ਹੋ ਗਈ ਹੈ। ਕੋਰੋਨਾਵਾਇਰਸ ਦੇ ਮਾਮਲਿਆਂ ਦੇ ਲਿਹਾਜ਼ ਨਾਲ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਗਿਆ ਹੈ।
ਨਕਵੀ ਦਾ ਰਾਹੁਲ 'ਤੇ ਹਮਲਾ
'ਸਾਮੰਤੀ ਫੋਟੋਫਰੇਮ ਵਿਚ ਫਿਕਸ' ਪਰਿਵਾਰ ਨੂੰ ਭਾਰਤ ਦੀ ਸਹਿਣਸ਼ੀਲਤਾ ਸਮਝ ਨਹੀਂ ਆਵੇਗੀ
ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਭਾਰਤ ਅਤੇ ਅਮਰੀਕਾ 'ਸਹਿਣਸ਼ੀਲਤਾ ਦੇ ਡੀ. ਐਨ. ਏ. ਦੇ ਗਾਇਬ ਹੋਣ' ਸਬੰਧੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਲੈ ਕੇ ਸ਼ਨੀਵਾਰ ਨੂੰ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ 'ਸਾਮੰਤੀ ਫੋਟੋਫਰੇਮ ਵਿਚ ਫਿਕਸ' ਪਰਿਵਾਰ ਨੂੰ ਭਾਰਤ ਦੇ ਸਭਿਆਚਾਰ, ਸੰਸਕਾਰ ਦੇ ਸੰਕਲਪ ਦੀ ਸਹਿਣਸ਼ੀਲਤਾ ਸਮਝ ਵਿਚ ਨਹੀਂ ਆਵੇਗੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਅਮਰੀਕੀ ਡਿਪਲੋਮੈਟ ਨਿਕੋਲਸ ਬੂਨਰਸ ਦੇ ਨਾਲ ਡਿਜੀਟਲ ਸੰਵਾਦ ਦੌਰਾਨ ਦਾਅਵਾ ਕੀਤਾ ਸੀ ਕਿ ਅਮਰੀਕਾ ਅਤੇ ਭਾਰਤ ਸਹਿਣਸ਼ੀਲਤਾ ਅਤੇ ਖੁੱਲ੍ਹੇਪਣ ਦੇ ਡੀ. ਐਨ. ਏ. ਦੇ ਲਈ ਜਾਣੇ ਜਾਂਦੇ ਸਨ ਜੋ ਹੁਣ ਗਾਇਬ ਹੋ ਗਿਆ ਹੈ। ਨਕਵੀ ਦੇ ਕਿਹਾ ਕਿ ਭਾਰਤ, ''ਸਹਿਣਸ਼ੀਲਤਾ ਦੇ ਡੀ. ਐਨ. ਏ. ਦੇ ਬਦਲਣ ਦਾ ਗਿਆਨ ਦੇਣ ਵਾਲੇ ਕਾਂਗਰਸੀ ਅਗਿਆਨੀਆਂ ਨੂੰ ਸਮਝਣਾ ਹੋਵੇਗਾ ਕਿ 'ਸਰਵੇ ਭਵੰਤੁ ਸੁਖਿਨ : ਸਰਵੇ ਸੰਤੁ ਨਿਰਾਮਯਾ' ਸਨਾਤਨ ਸਭਿਆਚਾਰ-ਸੰਸਕਾਰ ਹੀ ਭਾਰਤ ਦਾ ਡੀ. ਐਨ. ਏ. ਸੀ, ਹੈ ਅਤੇ ਰਹਿਣਗੇ। ਦੇਸ਼ ਆਪਣੇ ਸਭਿਆਚਾਰ, ਸੰਸਕਾਰ, ਸਹਿਣਸ਼ੀਲਤਾ ਦੇ ਕਿਸੇ 'ਪਾਲੀਟਿਕਲ ਪਾਖੰਡ ਦੀ ਪ੍ਰਯੋਗਸ਼ਾਲਾ' ਵਿਚ ਡੀ. ਐਨ. ਏ. ਟੈਸਟ ਦਾ ਮੋਹਤਾਜ਼ ਨਹੀਂ ਹੈ।