ਰਾਹੁਲ ਦਾ PM ਮੋਦੀ ਤੋਂ ਸਵਾਲ- ''ਅਡਾਨੀ ਜੀ ਤੁਹਾਡੇ ਨਾਲ ਕਿੰਨੀ ਵਾਰ ਗਏ ਵਿਦੇਸ਼''

02/07/2023 5:12:35 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਲੋਕ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ 2014 'ਚ ਮੋਦੀ ਦੇ ਦਿੱਲੀ 'ਚ ਆਉਣ ਤੋਂ ਬਾਅਦ ਅਜਿਹਾ 'ਅਸਲੀ ਜਾਦੂ' ਹੋਇਆ ਕਿ 8 ਸਾਲਾਂ ਅੰਦਰ ਉਦਯੋਗਪਤੀ ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਉਨ੍ਹਾਂ ਨੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਲਿਆਏ ਗਏ ਧੰਨਵਾਦ ਪ੍ਰਸਤਾਵ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਮੌਜੂਦਾ ਸਰਕਾਰ ਦੌਰਾਨ ਨਿਯਮ ਬਦਲ ਕੇ ਹਵਾਈ ਅੱਡਿਆਂ ਦੇ ਠੇਕੇ ਅਡਾਨੀ ਸਮੂਹ ਨੂੰ ਦਿੱਤੇ ਗਏ ਅਤੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਤੋਂ ਬਾਅਦ ਦੂਜੇ ਦੇਸ਼ਾਂ 'ਚ ਵੀ ਇਸ ਉਦਯੋਗਪਤੀ ਨੂੰ ਕਈ ਵਪਾਰਕ ਠੇਕੇ ਮਿਲੇ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ,''ਅਡਾਨੀ ਜੀ ਤੁਹਾਡੇ ਨਾਲ ਕਿੰਨੀ ਵਾਰ ਵਿਦੇਸ਼ ਗਏ? ਤੁਹਾਡੇ ਵਿਦੇਸ਼ ਜਾਣ ਤੋਂ ਬਾਅਦ ਅਡਾਨੀ ਜੀ ਕਿੰਨੀ ਵਾਰ ਉਹ ਦੇਸ਼ ਗਏ? ਕਿੰਨੀ ਵਾਰ ਅਜਿਹਾ ਹੋਇਆ ਕਿ ਕਿਸੇ ਦੇਸ਼ 'ਚ ਤੁਹਾਡੇ ਦੌਰੇ ਤੋਂ ਬਾਅਦ ਅਡਾਨੀ ਨੂੰ ਠੇਕਾ ਮਿਲਿਆ? ਅਡਾਨੀ ਜੀ ਨੇ ਪਿਛਲੇ 20 ਸਾਲਾਂ 'ਚ ਭਾਜਪਾ ਨੂੰ ਕਿੰਨਾ ਪੈਸਾ ਦਿੱਤਾ? ਚੋਣ ਬਾਂਡ 'ਚ ਕਿੰਨਾ ਪੈਸਾ ਦਿੱਤਾ?''

PunjabKesari

ਸਦਨ 'ਚ ਰਾਹੁਲ ਗਾਂਧੀ ਦੇ ਬਿਆਨ ਦੌਰਾਨ ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਨੇਤਾ ਨੂੰ ਲੋਕ ਸਭਾ 'ਚ ਬੇਬੁਨਿਆਦ ਦੋਸ਼ ਨਹੀਂ ਲਗਾਉਣੇ ਚਾਹੀਦੇ। ਰਾਹੁਲ ਨੇ ਦਾਅਵਾ ਕੀਤਾ,''ਪ੍ਰਧਾਨ ਮੰਤਰੀ ਜਦੋਂ 2014 'ਚ ਦਿੱਲੀ ਆਉਂਦੇ ਹਨ ਤਾਂ ਅਸਲੀ ਜਾਦੂ ਸ਼ੁਰੂ ਹੁੰਦਾ ਹੈ। 2014 'ਚ ਅਡਾਨੀ ਅਮੀਰਾਂ ਦੀ ਸੂਚੀ 'ਚ 609ਵੇਂ ਨੰਬਰ 'ਤੇ ਸਨ, ਫਿਰ 8 ਸਾਲਾਂ 'ਚ ਉਹ ਦੂਜੇ ਸਥਾਨ 'ਤੇ ਆ ਗਏ।'' ਉਨ੍ਹਾਂ ਦੋਸ਼ ਲਗਾਇਆ ਕਿ ਨਿਯਮ ਬਦਲ ਕੇ ਅਡਾਨੀ ਨੂੰ 6 ਹਵਾਈ ਅੱਡੇ ਦਿੱਤੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਏਜੰਸੀ ਦੀ ਗਲਤ ਵਰਤੋਂ ਕਰ ਕੇ ਮੁੰਬਈ ਹਵਾਈ ਅੱਡਾ ਅਡਾਨੀ ਦੇ ਹੱਥਾਂ 'ਚ ਦੇ ਦਿੱਤਾ ਗਿਆ। ਇਸ 'ਤੇ ਦਖ਼ਲਅੰਦਾਜੀ ਕਰਦੇ ਹੋਏ ਰਿਜਿਜੂ ਨੇ ਕਿਹਾ,''ਬਿਨਾਂ ਤੱਥ ਦੇ ਦੋਸ਼ ਲਗਾਉਣ ਦਾ ਕੋਈ ਮਤਲਬ ਨਹੀਂ ਹੈ। ਜੇਕਰ ਦੋਸ਼ ਲਗਾ ਰਹੇ ਹਨ ਤਾਂ ਦਸਤਾਵੇਜ਼ ਰੱਖਣੇ ਪੈਣਗੇ।'' ਰਾਹੁਲ ਨੇ ਕਿਹਾ,''ਪ੍ਰਧਾਨ ਮੰਤਰੀ ਜੀ ਆਸਟ੍ਰੇਲੀਆ ਜਾਂਦੇ ਹਨ ਅਤੇ ਉੱਥੇ ਇਕ ਠੇਕਾ ਮਿਲਦਾ ਹੈ, ਜਿਸ 'ਤੇ ਸਟੇਟ ਬੈਂਕ ਤੋਂ ਅਡਾਨੀ ਸਮੂਹ ਨੂੰ ਇਕ ਅਰਬ ਡਾਲਰ ਦਾ ਕਰਜ਼ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਬੰਗਲਾਦੇਸ਼ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਬੰਗਲਾਦੇਸ਼ ਦਾ 1500 ਮੈਗਾਵਾਟ ਬਿਜਲੀ ਦਾ ਠੇਕਾ ਅਡਾਨੀ ਸਮੂਹ ਨੂੰ ਮਿਲ ਜਾਂਦਾ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਇਹ ਹਿੰਦੁਸਤਾਨ ਦੀ ਵਿਦੇਸ਼ ਨੀਤੀ ਨਹੀਂ ਹੈ, ਇਹ ਅਡਾਨੀ ਜੀ ਦੀ ਵਿਦੇਸ਼ ਨੀਤੀ ਹੈ। ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਅਤੇ ਅਡਾਨੀ ਦੀ ਇਕ ਤਸਵੀਰ ਦਿਖਾਈ, ਜਿਸ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ 'ਚ ਇਹ ਨਾ ਦਿਖਾਓ। ਰਾਹੁਲ ਨੇ ਤੰਜ਼ ਕੱਸਦੇ ਹੋਏ ਕਿਹਾ,''ਪਹਿਲਾਂ ਮੋਦੀ ਜੀ ਅਡਾਨੀ ਦੇ ਜਹਾਜ਼ 'ਚ ਘੁੰਮਦੇ ਸਨ ਅਤੇ ਹੁਣ ਅਡਾਨੀ ਜੀ ਪ੍ਰਧਾਨ ਮੰਤਰੀ ਜੀ ਦੇ ਜਹਾਜ਼ 'ਚ ਘੁੰਮਦੇ ਹਨ।'' ਉਨ੍ਹਾਂ ਇਹ ਵੀ ਤੰਜ਼ ਕੱਸਿਆ,''ਹਾਰਵਰਡ (ਅਮਰੀਕੀ ਸੰਸਥਾ) ਨੂੰ ਅਧਿਐਨ ਕਰਨਾ ਚਾਹੀਦਾ ਕਿ ਰਾਜਨੀਤੀ ਅਤੇ ਕਾਰੋਬਾਰ ਦਾ ਕੀ ਰਿਸ਼ਤਾ ਹੁੰਦਾ ਹੈ? ਨਰਿੰਦਰ ਮੋਦੀ ਜੀ ਨੂੰ ਇਸ 'ਚ ਗੋਲਡ ਮੈਡਲ ਮਿਲੇਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News