‘ਲੰਬੇ ਅੰਧੇਰੇ ਕੇ ਬਾਦ ਉਗਤੇ ਸੂਰਜ...’ ਰਾਘਵ ਚੱਢਾ ਨੇ ਕਵਿਤਾ ਨਾਲ ਕੀਤਾ ਉੱਪ-ਰਾਸ਼ਟਰਪਤੀ ਦਾ ਸਵਾਗਤ
Tuesday, Dec 02, 2025 - 05:56 PM (IST)
ਨਵੀਂ ਦਿੱਲੀ (ਅਨਸ)- ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਕਵਿਤਾ ਰਾਹੀਂ ਨਵੇਂ ਚੁਣੇ ਗਏ ਰਾਜ ਸਭਾ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਨਨ ਦਾ ਸਵਾਗਤ ਕੀਤਾ। ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਦਨ ਦੇ ਨੇਤਾ ਜਗਤ ਪ੍ਰਕਾਸ਼ ਨੱਡਾ ਨੇ ਰਵਾਇਤੀ ਧੰਨਵਾਦ ਮਤਾ ਪੇਸ਼ ਕੀਤਾ। ਧੰਨਵਾਦ ਮਤੇ ’ਤੇ ਬੋਲਦੇ ਹੋਏ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਧਾਕ੍ਰਿਸ਼ਨਨ ਦੇ ਆਉਣ ਦੀ ਤੁਲਨਾ ‘ਲੰਬੇ ਅੰਧੇਰੇ ਕੇ ਬਾਦ ਉਗਤੇ ਸੂਰਜ, ਤੂਫਾਨ ਸੇ ਘਿਰੇ ਜਹਾਜ਼ ਕਾ ਆਖਿਰਕਾਰ ਕਿਨਾਰੇ ਪਰ ਪਹੁੰਚਨਾ ਔਰ ਬੇਰਹਮ ਗਰਮੀ ਕੇ ਬਾਦ ਬਾਰਿਸ਼ ਕੀ ਪਹਿਲੀ ਬੂੰਦੋਂ’ ਨਾਲ ਕੀਤੀ।
ਚੱਢਾ ਨੇ ਕਿਹਾ ਕਿ ਨਵੇਂ ਚੇਅਰਮੈਨ ਦਾ ਪੂਰਾ ਨਾਂ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਨਾਂ ’ਤੇ ਰੱਖਿਆ ਗਿਆ ਹੈ, ਜੋ ਭਾਰਤ ਦੇ ਪਹਿਲੇ ਉੱਪ ਰਾਸ਼ਟਰਪਤੀ ਅਤੇ 1952 ਵਿਚ ਰਾਜ ਸਭਾ ਦੇ ਪਹਿਲੇ ਚੇਅਰਮੈਨ ਸਨ। ਉਨ੍ਹਾਂ ਕਿਹਾ ਕਿ 73 ਸਾਲਾਂ ਬਾਅਦ ਕਿਸਮਤ ਨੇ ਇਕ ਹੋਰ ਰਾਧਾਕ੍ਰਿਸ਼ਨਨ ਨੂੰ ਉਸੇ ਕੁਰਸੀ ’ਤੇ ਬਿਠਾਇਆ ਹੈ। ‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਤਿੱਖੇ ਰਾਜਨੀਤਿਕ ਜਾਂ ਵਿਚਾਰਧਾਰਕ ਮਤਭੇਦ ਰੱਖਣ ਵਾਲੇ ਲੋਕ ਵੀ ਨਵੇਂ ਚੇਅਰਮੈਨ ਰਾਧਾਕ੍ਰਿਸ਼ਨਨ ਨੂੰ ਅਜਾਤਸ਼ਤਰੂ ਕਹਿੰਦੇ ਹਨ, ਜਿਨ੍ਹਾਂ ਦਾ ਕੋਈ ਦੁਸ਼ਮਣ ਨਹੀਂ ਹੈ। ‘ਆਪ’ ਨੇਤਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਚੇਅਰਮੈਨ ਰਾਧਾਕ੍ਰਿਸ਼ਨਨ ਆਪਣੇ ਨਾਂ ਦੇ ਇਸ ਸ਼ਾਨਦਾਰ ਵਿਅਕਤੀਤਵ ਦੀ ਸਮਾਵੇਸ਼ੀ ਵਿਰਾਸਤ ਨੂੰ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਇਹ ਸਦਨ ਇਕ ਪਰਿਵਾਰ ਵਾਂਗ ਹੋਣਾ ਚਾਹੀਦਾ ਹੈ, ਜੰਗ ਦੇ ਮੈਦਾਨ ਵਾਂਗ ਨਹੀਂ।
ਸਾਨੂੰ ਉਮੀਦ ਹੈ ਕਿ ਰਾਜ ਸਭਾ ਵਿਚ ਸਭ ਤੋਂ ਨਵੇਂ ਮੈਂਬਰਾਂ ਨੂੰ ਤੁਹਾਡੇ ਮਾਰਗਦਰਸ਼ਨ ਵਿਚ ਬੋਲਣ ਅਤੇ ਅੱਗੇ ਵਧਣ ਦੇ ਮੌਕੇ ਮਿਲਣਗੇ। ਆਪਣੇ ਸਮਾਪਨ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਅਹੁਦਿਆਂ ਕਾਰਨ ਜਾਣੇ ਜਾਂਦੇ ਹਨ ਤਾਂ ਕੁਝ ਲੋਕ ਆਪਣੇ ਅਹੁਦਿਆਂ ਨੂੰ ਅਮਰਤਾ ਅਤੇ ਮਾਣ ਪ੍ਰਦਾਨ ਕਰਦੇ ਹਨ। ਸਾਨੂੰ ਭਰੋਸਾ ਹੈ ਕਿ ਤੁਹਾਡਾ ਕਾਰਜਕਾਲ ਦੂਜੀ ਸ਼੍ਰੇਣੀ ਦਾ ਹੋਵੇਗਾ। ਚੇਅਰਮੈਨ ਰਾਧਾਕ੍ਰਿਸ਼ਨਨ ਨੇ ਸੰਸਦ ਮੈਂਬਰ ਰਾਘਵ ਚੱਢਾ ਦਾ ਦਿਲ ਨੂੰ ਛੂਹ ਲੈਣ ਵਾਲੇ ਸ਼ਬਦਾਂ ਲਈ ਧੰਨਵਾਦ ਕੀਤਾ ਅਤੇ ਸਦਨ ਨੂੰ ਨਿਰਪੱਖਤਾ, ਮਾਣ ਅਤੇ ਪਿਆਰ ਨਾਲ ਚਲਾਉਣ ਦਾ ਵਾਅਦਾ ਕੀਤਾ।
