ਰਾਘਵ ਚੱਢਾ ਵਲੋਂ ਭਾਜਪਾ ''ਚ ਸ਼ਾਮਲ ਹੋਣ ਦਾ ਐਲਾਨ, ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

Friday, Apr 24, 2026 - 03:47 PM (IST)

ਰਾਘਵ ਚੱਢਾ ਵਲੋਂ ਭਾਜਪਾ ''ਚ ਸ਼ਾਮਲ ਹੋਣ ਦਾ ਐਲਾਨ, ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੂੰ ਸ਼ੁੱਕਰਵਾਰ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਪਾਰਟੀ ਦੇ ਦੋ ਦਿੱਗਜ ਆਗੂਆਂ, ਰਾਘਵ ਚੱਢਾ ਅਤੇ ਸੰਦੀਪ ਪਾਠਕ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਰਾਘਵ ਚੱਢਾ ਨੇ ਪਾਰਟੀ ਤੋਂ ਦੂਰ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਛੱਡ ਰਹੇ ਹਨ। ਉਨ੍ਹਾਂ ਨੇ ਪਾਰਟੀ ਦੀ ਮੌਜੂਦਾ ਸਥਿਤੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ। ਉਨ੍ਹਾਂ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ 'ਚ ਹਲਚਲ ਮਚਾ ਦਿੱਤੀ ਹੈ। ਰਾਘਵ ਚੱਢਾ ਦੇ ਨਾਲ-ਨਾਲ ਪਾਰਟੀ ਦੇ ਇਕ ਹੋਰ ਅਹਿਮ ਆਗੂ ਸੰਦੀਪ ਪਾਠਕ ਨੇ ਵੀ 'ਆਪ' ਛੱਡਣ ਦਾ ਐਲਾਨ ਕਰ ਦਿੱਤਾ  ਹੈ। ਦੋਵਾਂ ਵੱਡੇ ਆਗੂਆਂ ਦਾ ਇੱਕੋ ਸਮੇਂ ਪਾਰਟੀ ਨੂੰ ਅਲਵਿਦਾ ਕਹਿਣਾ ਆਉਣ ਵਾਲੀਆਂ ਚੋਣਾਂ ਅਤੇ ਪਾਰਟੀ ਦੇ ਅੰਦਰੂਨੀ ਢਾਂਚੇ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਕੇਂਦਰ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਬਲਤੇਜ ਪੰਨੂ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਏ ਚਾਰ ਸਾਲ ਪੂਰੇ ਹੋ ਚੁੱਕੇ ਹਨ ਅਤੇ ਪਾਰਟੀ 5ਵੇਂ ਸਾਲ ਵਿਚ ਦਾਖਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਸਰਕਾਰ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਕਦੇ ਵਿਧਾਇਕਾਂ ਨੂੰ ਖਰੀਦਣ ਅਤੇ ਕਦੇ ਤੋੜਣ ਦੀ ਸਾਜ਼ਿਸ਼ ਰਚੀ ਗਈ ਹੈ। ਪੰਨੂ ਨੇ ਕਿਹਾ ਕਿ ਕੋਈ ਆਗੂ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ 35 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਕਦੇ ਵਿਧਾਇਕਾਂ ਨੂੰ ਲਾਲਚ ਵੀ ਦਿੱਤਾ ਗਿਆ ਪਰ ਪਾਰਟੀ ਵਿਚ ਉਹ ਆਗੂ ਸ਼ਾਮਲ ਹਨ ਜਿਹੜੇ ਲਾਲਚ ਵਿਚ ਆ ਕੇ ਟੁੱਟੇ ਨਹੀਂ। 


author

DIsha

Content Editor

Related News