ਅੰਬਾਲਾ ਏਅਰਬੇਸ: ਹਵਾਈ ਫ਼ੌਜ 'ਚ ਸ਼ਾਮਲ ਹੋਇਆ ਦੁਸ਼ਮਣ ਦਾ ਕਾਲ 'ਰਾਫ਼ੇਲ'

09/10/2020 11:27:34 AM

ਅੰਬਾਲਾ— ਫਰਾਂਸ ਤੋਂ ਖਰੀਦੇ ਗਏ ਅਤਿਆਧੁਨਿਕ ਲੜਾਕੂ ਜਹਾਜ਼ ਰਾਫ਼ੇਲ ਅੱਜ ਰਸਮੀ ਰੂਪ ਨਾਲ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਦੇ ਬੇੜੇ ਵਿਚ ਸ਼ਾਮਲ ਹੋ ਗਿਆ ਹੈ। ਰਾਫ਼ੇਲ ਲੜਾਕੂ ਜਹਾਜ਼ਾਂ ਨੂੰ ਅੰਬਾਲਾ ਏਅਰਬੇਸ 'ਤੇ 17 ਸਕਵਾਡ੍ਰਨ 'ਗੋਲਡਨ ਏਰੋਜ਼' ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸੀਸੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਮੌਜੂਦ ਰਹੇ। ਹਰਿਆਣਾ ਦੇ ਅੰਬਾਲਾ ਸਥਿਤ ਏਅਰਬੇਸ 'ਤੇ 5 ਰਾਫ਼ੇਲ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਹਾਜ਼ਾਂ ਦੇ ਬੇੜੇ ਨੂੰ ਸ਼ਾਮਲ ਕਰਨ ਲਈ ਅੰਬਾਲਾ ਏਅਰਬੇਸ 'ਤੇ ਸਰਵ ਧਰਮ ਪੂਜਾ ਕੀਤੀ ਗਈ। ਸਮਾਰੋਹ ਵਿਚ ਚੀਫ ਆਫ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ. ਕੇ. ਐੱਸ. ਭਦੌਰੀਆ, ਰੱਖਿਆ ਸਕੱਤਰ ਡਾ. ਅਜੈ ਕੁਮਾਰ, ਡੀ. ਆਰ. ਡੀ. ਓ. ਦੇ ਪ੍ਰਧਾਨ ਡਾ. ਜੀ ਸਤੀਸ਼ ਰੈੱਡੀ, ਰੱਖਿਆ ਮੰਤਰਾਲਾ ਅਤੇ ਹਥਿਆਰਬੰਦ ਦਸਤਿਆਂ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।

PunjabKesari

—ਰਾਫ਼ੇਲ ਲੜਾਕੂ ਜਹਾਜ਼ਾਂ ਦੇ ਹਵਾਈ ਫ਼ੌਜ ਦੇ ਬੇੜੇ 'ਚ ਸ਼ਾਮਲ ਹੋਣ 'ਤੇ ਅੰਬਾਲਾ ਏਅਰਬੇਸ 'ਤੇ ਫਲਾਈ ਪਾਸਟ ਕੀਤਾ ਗਿਆ। 
— ਅੰਬਾਲਾ ਏਅਰਬੇਸ 'ਤੇ 5 ਲੜਾਕੂ ਜਹਾਜ਼ਾਂ ਨੂੰ ਰਿਵਾਇਤੀ ਤੌਰ 'ਤੇ ਵਾਟਰ ਕੈਨਨ ਨਾਲ ਸਲਾਮੀ ਦਿੱਤੀ ਗਈ।
— ਦੇਸ਼ 'ਚ ਬਣੇ ਤੇਜਸ ਲੜਾਕੂ ਜਹਾਜ਼ਾਂ ਨੇ ਆਪਣਾ ਕਰਤਬ ਦਿਖਾਇਆ। ਅੰਬਾਲਾ ਏਅਰਬੇਸ ਤੇਜਸ ਦੀ ਉਡਾਣ ਨਾਲ ਰੋਮਾਂਚਿਤ ਹੋ ਗਿਆ।
— ਫਲਾਈ ਪਾਸਟ ਸ਼ੁਰੂ ਹੋਣ ਨਾਲ ਹੀ ਲੜਾਕੂ ਜਹਾਜ਼ ਰਾਫ਼ੇਲ ਆਸਮਾਨ 'ਚ ਕਰਤਬ ਦਿਖਾਉਂਦਾ ਨਜ਼ਰ ਆਇਆ। 
— ਇਸ ਤੋਂ ਇਲਾਵਾ ਅੰਬਾਲਾ ਏਅਰਬੇਸ 'ਤੇ ਸੁਖੋਈ ਲੜਾਕੂ ਜਹਾਜ਼ਾਂ ਨੇ ਵੀ ਉਡਾਣ ਭਰੀ।

PunjabKesari

ਦੱਸ ਦੇਈਏ ਕਿ ਅਤਿਆਧੁਨਿਕ ਲੜਾਕੂ ਜਹਾਜ਼ਾਂ ਦੀ ਕਮੀ ਦਾ ਸਾਹਮਣਾ ਹਵਾਈ ਫ਼ੌਜ ਲਈ ਇਸ ਦਿਨ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਹਵਾਈ ਫ਼ੌਜ ਨੇ 59 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਫਰਾਂਸ ਤੋਂ 36 ਰਾਫ਼ੇਲ ਜਹਾਜ਼ ਖਰੀਦਣ ਦਾ ਸੌਦਾ ਕੀਤਾ ਹੈ। ਇਨ੍ਹਾਂ 'ਚੋਂ 5 ਜਹਾਜ਼ਾਂ ਦੀ ਖੇਪ ਬੀਤੀ 29 ਜੁਲਾਈ 2020 ਨੂੰ ਭਾਰਤ ਆਈ ਅਤੇ 4 ਜਹਾਜ਼ਾਂ ਦੀ ਖੇਪ ਅਕਤੂਬਰ-ਨਵੰਬਰ 'ਚ ਆਉਣ ਦੀ ਸੰਭਾਵਨਾ ਹੈ।

PunjabKesari

ਬਾਕੀ ਦੇ ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਵਿਚ ਪੂਰੀ ਹੋ ਜਾਣ ਦੀ ਉਮੀਦ ਹੈ। ਦੱਸ ਦੇਈਏ ਕਿ ਰਾਫ਼ੇਲ ਜਹਾਜ਼ ਅਤਿ-ਆਧੁਨਿਕ ਹਥਿਆਰਾਂ ਅਤੇ ਉੱਨਤ ਪ੍ਰਣਾਲੀ ਨਾਲ ਲੈੱਸ ਹੈ। ਪਾਕਿਸਤਾਨ ਅਤੇ ਚੀਨ 'ਤੇ ਇਕੱਠੇ ਦੋ ਮੋਰਚਿਆਂ 'ਤੇ ਮੁਹਿੰਮ ਲਈ ਹਵਾਈ ਫ਼ੌਜ ਨੂੰ ਰਾਫ਼ੇਲ ਵਰਗੇ ਲੜਾਕੂ ਜਹਾਜ਼ ਦੀ ਬੇਹੱਦ ਲੋੜ ਹੈ।


Tanu

Content Editor

Related News