ਦਿੱਲੀ ਕਮੇਟੀ ਚੋਣਾਂ ''ਤੇ ਵਿਰੋਧੀਆਂ ਨੇ ਚੁੱਕੇ ਸਵਾਲ, ਗੁਰੂਘਰ ''ਚ ਪੁਲਸ ਦੇ ਦਾਖ਼ਲੇ ਨੂੰ ਦੱਸਿਆ ਗਲਤ

01/23/2022 7:50:54 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਦਰੂਨੀ ਚੋਣਾਂ 'ਚ ਵਿਆਪਕ ਪੱਧਰ 'ਤੇ ਹੋਏ ਪੁਲਸ ਅਤੇ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਮਾਮਲੇ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਪ੍ਰਧਾਨ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ, ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਨੇ ਮੀਡੀਆ ਨੂੰ ਸੰਬੋਧਿਤ ਕੀਤਾ।

ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਸਬੰਧੀ ਚਾਰ ਵਿਰੁੱਧ ਮਾਮਲਾ ਦਰਜ

ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਭਾਰੀ ਪੁਲਸ ਫੋਰਸ ਦੀ ਮੌਜੂਦਗੀ 'ਚ ਸਾਡੇ ਚੁਣੇ ਗਏ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ। 30 ਕਮੇਟੀ ਮੈਂਬਰਾਂ ਦੇ ਦਸਤਖਤਾਂ 'ਤੇ ਦਿੱਲੀ ਪੁਲਸ ਨੂੰ ਬੁਲਾਇਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਪੁਲਸ ਬੁਲਾਉਣ ਦੇ ਪਿਛੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਹਨ। ਇਹ ਕਮੇਟੀ 'ਤੇ ਪੁਲਸ ਦੇ ਸਹਾਰੇ ਕਬਜ਼ਾ ਕਰਨ ਦੀ ਸੋਚੀ ਸਮਝੀ ਸਾਜਿਸ਼ ਸੀ। ਇਸ ਲਈ ਜੱਥੇਦਾਰਾਂ ਦੀ ਗੈਰ-ਹਾਜ਼ਰੀ ਨੂੰ ਵੀ ਯਕੀਨੀ ਕੀਤਾ ਗਿਆ ਸੀ ਕਿਉਂਕਿ ਜੱਥੇਦਾਰਾਂ ਦੀ ਹਾਜ਼ਰੀ 'ਚ ਨਾਜਾਇਜ਼ ਤਰੀਕੇ ਨਾਲ ਕਬਜ਼ਾ ਕਰਨਾ ਸੰਭਵ ਨਹੀਂ ਸੀ। ਇਸ ਲਈ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਸ ਮਾਮਲੇ 'ਤੇ ਸ਼ਿਕਾਇਤ ਲੈ ਕੇ ਜਾਵਾਂਗੇ।

ਜੀ.ਕੇ. ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਧਾਨ ਅਹੁਦੇ ਦੇ ਉਮੀਦਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਪੁਲਸ ਚੁੱਕ ਕੇ ਲੈ ਗਈ ਹੋਵੇ। ਪਰਮਜੀਤ ਸਿੰਘ ਸਰਨਾ ਸਾਡੇ ਉਮੀਦਵਾਰ ਸਨ, ਪਰ ਪੁਲਸ ਨੇ ਸਾਨੂੰ ਸਾਰਿਆਂ ਨੂੰ ਨਾਜਾਇਜ਼ ਹਿਰਾਸਤ 'ਚ ਲੈ ਕੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ। ਜਦ ਸੁਖਬੀਰ ਸਿੰਘ ਕਾਲੜਾ ਦੀ ਵੋਟ ਨੂੰ ਲੈ ਕੇ ਵਿਰੋਧ ਹੋਇਆ ਤਾਂ ਡਾਇਰੈਕਟਰ ਨਰਿੰਦਰ ਸਿੰਘ ਨੂੰ ਤੁਰੰਤ ਮੀਟਿੰਗ ਮੁਤਲਵੀ ਕਰਨੀ ਚਾਹੀਦੀ ਸੀ। 2017 'ਚ ਵੀ ਆਰਜ਼ੀ ਚੇਅਰਮੈਨ ਦੀਆਂ ਚੋਣਾਂ 'ਤੇ ਵਿਵਾਦ ਦੇ ਚੱਲਦੇ ਸਾਬਕਾ ਡਾਇਰੈਕਟਰ ਸ਼ੂਰਵੀਰ ਸਿੰਘ ਨੇ ਮੀਟਿੰਗ ਮੁਲਤਵੀ ਕੀਤੀ ਸੀ। ਇਨ੍ਹਾਂ ਨੇ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ 'ਚ ਅਹੁਦਾ ਅਧਿਕਾਰੀਆਂ ਦੀ ਚੋਣ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਨ੍ਹਾਂ ਨੂੰ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਨਹੀਂ ਹੈ। ਜੀ.ਕੇ. ਨੇ ਕਮੇਟੀ ਗਠਨ ਤੋਂ ਬਾਅਦ ਇਸ ਦਾ ਧੰਨਵਾਦ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਹੁਦਾ ਅਧਿਕਾਰੀਆਂ ਵੱਲੋਂ ਨਾਲ ਦੇਣ 'ਤੇ ਵੀ ਚੁਟਕੀ ਲਈ ।

ਇਹ ਵੀ ਪੜ੍ਹੋ : ਬ੍ਰਿਟਿਸ਼ ਸੰਸਦ ਮੈਂਬਰ ਬੋਲੇ, 'ਬਲੈਕਮੇਲ' ਨੂੰ ਲੈ ਕੇ ਸਰਕਾਰ ਵਿਰੁੱਧ ਪੁਲਸ ਨੂੰ ਕਰਾਂਗੇ ਸ਼ਿਕਾਇਤ

ਪਰਮਜੀਤ ਸਿੰਘ ਸਰਨਾ ਨੇ ਸਵਾਲ ਕੀਤਾ ਕਿ ਜੇਕਰ ਇਨ੍ਹਾਂ ਕੋਲ 29 ਵੋਟਾਂ ਸਨ ਤਾਂ ਕਾਲੜਾ ਦੀ ਵੋਟ ਰੱਦ ਕਰਨ ਤੋਂ ਇਨ੍ਹਾਂ ਨੂੰ ਡਰ ਕਿਉਂ ਲੱਗ ਰਿਹਾ ਸੀ? ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਾਡੇ ਕੋਲ ਮੈਂਬਰ ਜ਼ਿਆਦਾ ਸਨ, ਕੁਝ ਸਾਹਮਣੇ ਸਨ, ਕੁਝ ਪਿੱਛੇ ਸਨ। ਇਸ ਲਈ ਕਾਲੜਾ ਦੀ ਅਯੋਗ ਵੋਟ ਨੂੰ ਰੱਦ ਕਰਨ ਦੀ ਗੱਲ 'ਤੇ ਇਨ੍ਹਾਂ ਦਾ ਅੜਨਾ ਇਹ ਸਾਬਤ ਕਰਦਾ ਹੈ ਕਿ ਇਨ੍ਹਾਂ ਨੇ ਹਾਰ ਪਹਿਲਾਂ ਹੀ ਮੰਨ ਲਈ ਸੀ। ਮਾਰਵਾਹ ਨੇ ਦਾਅਵਾ ਕੀਤਾ ਕਿ ਪੁਲਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜਾਣ ਦਾ ਹੁਕਮ ਕੋਈ ਪੁਲਸ ਅਧਿਕਾਰੀ ਤਾਂ ਦੂਰ ਸੁਪਰੀਮ ਕੋਰਟ ਵੀ ਨਹੀਂ ਦੇਵੇਗੀ ਪਰ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਦਸਤਖ਼ਤ ਕਰਕੇ ਜਿਵੇਂ ਪੁਲਸ ਬੁਲਾਈ ਹੈ, ਇਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ 'ਚ ਪੁਲਸ ਭੇਜਣ ਦੀ ਯਾਦ ਤਾਜ਼ਾ ਕਰ ਦਿੱਤੀ ਹੈ ਕਿਉਂਕਿ ਪੁਲਸ ਕੋਲ ਅਜਿਹੇ ਗੁਰੂ ਦਰਬਾਰ 'ਚ ਬਿਨਾਂ ਸਿਰ ਝੁਕਾਏ, ਬਿਨਾਂ ਮੱਥਾ ਟੇਕੇ ਦਖਲਅੰਦਾਜ਼ੀ ਕਰਨ ਦੀ ਕੋਈ ਮਨਜ਼ੂਰੀ ਨਹੀਂ ਹੈ। ਇਸ ਮੌਕੇ 'ਤੇ ਵੱਡੀ ਗਿਣਤੀ 'ਚ ਕਮੇਟੀ ਪ੍ਰਧਾਨ ਮੌਜੂਦ ਸਨ।

ਇਹ ਵੀ ਪੜ੍ਹੋ : ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀਆਂ 2718 ਪੇਟੀਆਂ ਬਰਾਮਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News