ਪੁਰੀ ਦੇ ਜਗਨਨਾਥ ਮੰਦਰ ਦੀ ਸੁਰੱਖਿਆ ’ਤੇ ਮੁੜ ਉੱਠੇ ਸਵਾਲ, ਮੰਦਰ ਦੀ ਕੰਧ ’ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਗ੍ਰਿਫਤਾਰ
Saturday, Aug 23, 2025 - 12:05 AM (IST)

ਪੁਰੀ (ਓਡਿਸ਼ਾ) (ਭਾਸ਼ਾ)-ਸੁਰੱਖਿਆ ਕਰਮਚਾਰੀਆਂ ਨੇ ਇਕ ਵਿਅਕਤੀ ਨੂੰ ਪੁਰੀ ਦੇ 12ਵੀਂ ਸਦੀ ਦੇ ਸ਼੍ਰੀ ਜਗਨਨਾਥ ਮੰਦਰ ਦੀ ਕੰਧ ’ਤੇ ਚੜ੍ਹਦੇ ਹੋਏ ਸ਼ੁੱਕਰਵਾਰ ਨੂੰ ਫੜ ਲਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਰੀ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਪਿਨਾਕ ਮਿਸ਼ਰਾ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨਿਵਾਸੀ ਮਨੋਜ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਧੋਤੀ ਪਹਿਨ ਕੇ ਮੰਦਰ ਵਿਚ ਦਾਖਲ ਹੋਇਆ ਅਤੇ ਮੰਦਰ ਦੀ ਕੰਧ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ।
ਜਗਨਨਾਥ ਮੰਦਰ ਪੁਲਸ (ਜੇ. ਟੀ. ਪੀ.) ਨੇ ਉਕਤ ਵਿਅਕਤੀ ਨੂੰ ਦੇਖਿਆ ਅਤੇ ਉਸ ਨੂੰ ਫੜ ਕੇ ਸਿੰਘਦੁਆਰ ਪੁਲਸ ਸਟੇਸ਼ਨ ਲੈ ਗਈ। ਇਸ ਘਟਨਾ ਨੇ ਮੁੜ ਮੰਦਰ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 16 ਅਗਸਤ ਨੂੰ ਝਾਰਖੰਡ ਦੇ ਇਕ ਵਿਅਕਤੀ ਨੂੰ ਮੰਦਰ ਦੇ ਐਗਜ਼ਿਟ ਗੇਟ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਸੀ। ਇਸੇ ਤਰ੍ਹਾਂ ਦੀ ਇਕ ਘਟਨਾ ਵਿਚ ਓਡਿਸ਼ਾ ਦੇ ਗੰਜਮ ਦੇ ਇਕ ਵਿਅਕਤੀ ਨੇ ਵੀ ਮੰਦਰ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਸੀ।