ਦਿੱਲੀ ਆਬਕਾਰੀ ਨੀਤੀ ਮਾਮਲਾ: ED ਵੱਲੋਂ ਕੇ. ਕਵਿਤਾ ਤੋਂ 9 ਘੰਟੇ ਪੁੱਛਗਿੱਛ, 16 ਮਾਰਚ ਨੂੰ ਫਿਰ ਬੁਲਾਇਆ

Sunday, Mar 12, 2023 - 02:44 AM (IST)

ਦਿੱਲੀ ਆਬਕਾਰੀ ਨੀਤੀ ਮਾਮਲਾ: ED ਵੱਲੋਂ ਕੇ. ਕਵਿਤਾ ਤੋਂ 9 ਘੰਟੇ ਪੁੱਛਗਿੱਛ, 16 ਮਾਰਚ ਨੂੰ ਫਿਰ ਬੁਲਾਇਆ

ਨਵੀਂ ਦਿੱਲੀ (ਭਾਸ਼ਾ): ਈ.ਡੀ. ਨੇ ਦਿੱਲੀ ਆਬਕਾਰੀ ਨੀਤੀ ਵਿਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਸ਼ਨੀਵਾਰ ਨੂੰ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੀ ਆਗੂ ਕੇ. ਕਵਿਤਾ ਤੋਂ 9 ਘੰਟੇ ਪੁੱਛਗਿੱਛ ਕੀਤੀ। ਉਨ੍ਹਾਂ ਨੂੰ 16 ਮਾਰਚ ਨੂੰ ਮਾਮਲੇ ਵਿਚ ਪੁੱਛਗਿੱਛ ਲਈ ਫ਼ਿਰ ਬੁਲਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਉਰਫ਼ੀ ਜਾਵੇਦ ਲਈ ਨਵੀਂ ਮੁਸੀਬਤ! 'ਭੜਕੀਲੇ' ਕੱਪੜੇ ਪਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਮਿਲਿਆ ਕਾਨੂੰਨੀ ਨੋਟਿਸ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ 44 ਸਾਲਾ ਧੀ ਕਵਿਤਾ ਰਾਤ ਨੂੰ ਤਕਰੀਬਨ 8 ਵਜੇ ਅਬਦੁਲ ਕਲਾਮ ਰੋਡ ਸਥਿਤ ਏਜੰਸੀ ਦੇ ਹੈੱਡਕੁਆਰਟਰ ਤੋਂ ਨਿਕਲੀ। ਉਹ ਸਵੇਰੇ ਤਕਰੀਬਨ 11 ਵਜੇ ਤਕਰੀਬਨ ਆਪਣੇ ਪਿਤਾ ਦੀ ਸਰਕਾਰੀ ਰਿਹਾਇਸ਼ ਤੋਂ ਈ.ਡੀ. ਦਫ਼ਤਰ ਪਹੁੰਚੀ ਸੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਈ.ਡੀ. ਦਫ਼ਤਰ ਵਿਚ ਬਿਤਾਏ ਗਏ 9 ਘੰਟਿਆਂ ਦੌਰਾਨ ਉਨ੍ਹਾਂ ਦਾ ਸਾਹਮਣਾ ਹੈਦਰਾਬਾਦ ਦੇ ਵਪਾਰੀ ਅਰੁਣ ਰਾਮਚੰਦਰਨ ਪਿੱਲਈ ਦੇ ਬਿਆਨਾਂ ਤੋਂ ਕਰਵਾਇਆ ਗਿਆ, ਜੋ ਇਸ ਮਾਮਲੇ ਵਿਚ ਗ੍ਰਿਫ਼ਤਾਰ ਦੋਸ਼ੀ ਹੈ। ਪਿੱਲਈ ਕਥਿਤ ਤੌਰ 'ਤੇ ਕਵਿਤਾ ਤੇ ਇਸ ਮਾਮਲੇ ਵਿਚ ਕੁੱਝ ਦੋਸ਼ੀਆਂ ਨਾਲ ਨੇੜਲੇ ਸਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਮਨੀ ਲਾਂਡਰਿੰਗ ਪ੍ਰਿਵੈਂਸ਼ਨ ਐਕਟ ਤਹਿਤ ਕਵਿਤਾ ਦਾ ਬਿਆਨ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ, ਈ.ਡੀ. ਦਫ਼ਤਰ ਵਿਚ ਵੱਡੀ ਗਿਣਤੀ ਵਿਚ ਦਿੱਲੀ ਪੁਲਸ ਤੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਬੀ.ਆਰ.ਐੱਸ. ਆਗੂ ਦੇ ਸਮਰਥਕਾਂ ਨੇ ਏ.ਪੀ.ਜੇ. ਅਬਦੁਲ ਕਲਾਮ ਰੋਡ 'ਤੇ ਪ੍ਰਦਰਸ਼ਨ ਵੀ ਕੀਤਾ। ਕਵਿਤਾ ਨੇ ਏਜੰਸੀ ਦੇ ਦਫ਼ਤਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਮੁੱਠੀ ਬੰਦ ਕਰ ਕੇ ਹੱਥ ਉੱਪਰ ਚੁੱਕਿਆ। 

ਇਹ ਖ਼ਬਰ ਵੀ ਪੜ੍ਹੋ - ਰਾਘਵ ਚੱਢਾ ਦਾ ਕੇਂਦਰ 'ਤੇ ਤਿੱਖਾ ਹਮਲਾ, "ਭਾਜਪਾ 'ਚ ਸ਼ਾਮਲ ਹੁੰਦਿਆਂ ਹੀ ਮੁੱਕ ਜਾਂਦੇ ਨੇ CBI-ED ਦੇ ਮਾਮਲੇ"

ਈ.ਡੀ. ਨੇ ਕਵਿਤਾ ਨੂੰ 9 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਉਨ੍ਹਾਂ ਨੇ ਲੰਬੇ ਸਮੇਂ ਤੋਂ ਲਟਕੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਸੰਸਦ ਦੇ ਬਜਟ ਸੈਸ਼ਨ ਵਿਚ ਪਾਸ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਇੱਥੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਕਾਰਨ ਨਵੀਂ ਤਾਰੀਖ਼ ਦੇਣ ਦੀ ਅਪੀਲ ਕੀਤੀ ਸੀ। ਈਡੀ ਨੇ ਦਾਅਵਾ ਕੀਤਾ ਕਿ ਇਹ ਕੰਪਨੀ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਦੀ ਧੀ ਤੇ ਵਿਧਾਨ ਪ੍ਰੀਸ਼ਦਮੈਂਬਰ ਕੇ. ਕਵਿਤਾ ਤੇ ਹੋਰਨਾਂ ਨਾਲ ਜੁੜੇ ਕਥਿਤ ਸ਼ਰਾਬ ਪੋਰਟਲ 'ਸਾਊਥ ਗਰੁੱਪ' ਦੀ ਨੁਮਾਇੰਦਗੀ ਕਰਦੀ ਹੈ। ਦੋਸ਼ ਹੈ ਕਿ 'ਸਾਊਥ ਗਰੁੱਪ' ਨੇ ਹੁਣ ਰੱਦ ਕਰ ਦਿੱਤੀ ਗਈ ਦਿੱਲੀ ਆਬਕਾਰੀ ਨੀਤੀ 2020-21 ਤਹਿਤ ਕੌਮੀ ਰਾਜਧਾਨੀ ਦੇ ਬਾਜ਼ਾਰ ਵਿਚ ਜ਼ਿਆਦਾ ਹਿੱਸੇਦਾਰੀ ਲੈਣ ਲਈ ਆਮ ਆਦਮੀ ਪਾਰਟੀ ਨੂੰ ਤਕਰੀਬਨ 100 ਕਰੋੜ ਰੁਪਏ ਰਿਸ਼ਵਤ ਦਿੱਤੀ ਸੀ। ਉੱਧਰ, ਆਮ ਆਦਮੀ ਪਾਰਟੀ ਨੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News