ਪੁਤਿਨ ਨੇ ਨਵੇਂ ਬੀਮਾ ਸਿਸਟਮ ਦਾ ਰੱਖਿਆ ਪ੍ਰਸਤਾਵ

Monday, Sep 14, 2026 - 12:55 PM (IST)

ਪੁਤਿਨ ਨੇ ਨਵੇਂ ਬੀਮਾ ਸਿਸਟਮ ਦਾ ਰੱਖਿਆ ਪ੍ਰਸਤਾਵ

ਨਵੀਂ ਦਿੱਲੀ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਬ੍ਰਿਕਸ ਦੇਸ਼ਾਂ ਵਿਚਾਲੇ ਇਕ ਨਵੇਂ ਬੀਮਾ ਸਿਸਟਮ ਅਤੇ ਅਨਾਜ ਬਾਜ਼ਾਰ ਲਈ ਸਾਂਝੀ ਪਹਿਲ ਦਾ ਪ੍ਰਸਤਾਵ ਰੱਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਗੰਭੀਰ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਸਮੂਹ ਤੋਂ ਇਕ ਸੰਪੂਰਨ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ। ਪੁਤਿਨ ਨੇ ਯੂਕ੍ਰੇਨ ਜੰਗ ਨੂੰ ਲੈ ਕੇ ਰੂਸ ’ਤੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਸਖਤ ਪਾਬੰਦੀਆਂ ਵਿਚਾਲੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਨਾਲ ਹੀ ‘ਗਲੋਬਲ ਸਾਊਥ’ ਦੇ ਦੇਸ਼ਾਂ ’ਚ ਆਰਥਿਕ ਵਾਧੇ ਲਈ ਇਨ੍ਹਾਂ ਨਵੀਂ ਪਹਿਲ ਦੀ ਪੇਸ਼ਕਸ਼ ਕੀਤੀ।

ਜ਼ਿਕਰਯੋਗ ਹੈ ਕਿ ਜੀ-7 ਦੇਸ਼ਾਂ, ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਨੇ ਪੱਛਮੀ ਕੰਪਨੀਆਂ ’ਤੇ ਰੂਸੀ ਕੱਚੇ ਤੇਲ ਦੀ ਢੋਆ-ਢੁਆਈ ਕਰਨ ਵਾਲੇ ਕਿਸੇ ਵੀ ਜਹਾਜ਼ ਦਾ ਬੀਮਾ ਕਰਨ ’ਤੇ ਕੁਝ ਸ਼ਰਤਾਂ ਨਾਲ ਪਾਬੰਦੀਆਂ ਲਾਈਆਂ ਹੋਈਆਂ ਹਨ। ਬੀਮਾ ਖੇਤਰ ਨਾਲ ਜੁੜੀਆਂ ਇਨ੍ਹਾਂ ਪਾਬੰਦੀਆਂ ਨੇ ਰੂਸੀ ਕੱਚੇ ਤੇਲ ਦੀ ਬਰਾਮਦ ਨੂੰ ਉਲਟ ਰੂਪ ’ਚ ਪ੍ਰਭਾਵਿਤ ਕੀਤਾ ਹੈ। ਪੁਤਿਨ ਨੇ ਕਿਹਾ, ‘‘ਸਾਡੇ ਕੋਲ ਪੂੰਜੀ, ਕਿਰਤ ਅਤੇ ਟੈਕਨਾਲੋਜੀਆਂ ਦੀ ਆਵਾਜਾਈ ਦੇ ਸੁਤੰਤਰ ਮਾਰਗ ਹਨ। ਅਸਲ ’ਚ, ਅਸੀਂ ਬਾਹਰੀ ਦਬਾਅ ਦੀ ਪਰਵਾਹ ਕੀਤੇ ਬਿਨਾਂ ਕੰਮ ਕਰ ਸਕਦੇ ਹਾਂ।’’

ਉਨ੍ਹਾਂ ਨੇ ਹੋਰ ਵੇਰਵਾ ਦਿੱਤੇ ਬਿਨਾਂ ਕਿਹਾ, ‘‘ਭਵਿੱਖ ਲਈ ਸਾਡੇ ਕੋਲ ਕੁਝ ਆਸ਼ਾਜਨਕ ਪਹਿਲਕਦਮੀਆਂ ਹਨ, ਜਿਵੇਂ ਬੀਮਾ ਸਿਸਟਮ ਤਿਆਰ ਕਰਨਾ ਅਤੇ ਅਨਾਜ ਬਾਜ਼ਾਰ ਬਣਾਉਣਾ। ਇਹ ਰੂਸ ਦੇ ਪ੍ਰਸਤਾਵ ਹਨ ਅਤੇ ਅਸੀਂ ਹੋਰ ਸਾਰੇ ਮੈਂਬਰ ਦੇਸ਼ਾਂ ਨੂੰ ਇਨ੍ਹਾਂ ਦਾ ਲਾਭ ਉਠਾਉਣ ਲਈ ਸੱਦਾ ਦਿੰਦੇ ਹਾਂ।’’ ਪੁਤਿਨ ਨੇ ਨਿਊ ਡਿਵੈਲਪਮੈਂਟ ਬੈਂਕ (ਐੱਨ. ਡੀ. ਬੀ.) ਦੇ ਕੰਮਕਾਜ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ 140 ਅਰਬ ਅਮਰੀਕੀ ਡਾਲਰ ਮੁੱਲ ਦੇ ਪ੍ਰਾਜੈਕਟਾਂ ਦਾ ਪ੍ਰਬੰਧਨ ਕਰ ਰਿਹਾ ਹੈ। ਐੱਨ. ਡੀ. ਬੀ. ਬ੍ਰਿਕਸ ਦੇਸ਼ਾਂ ਵੱਲੋਂ ਸਥਾਪਤ ਇਕ ਬਹੁਪੱਖੀ ਵਿਕਾਸ ਬੈਂਕ ਹੈ।


author

cherry

Content Editor

Related News