ਪੁਣੇ ਦਾ 7 ਸਾਲਾ ਅਦਵੈਤ ਲੰਡਨ 'ਚ ਆਪਣੀ ਕਲਾ ਦਾ ਜੌਹਰ ਦਿਖਾਉਣ ਲਈ ਤਿਆਰ
Wednesday, Apr 13, 2022 - 05:13 PM (IST)
ਲੰਡਨ (ਭਾਸ਼ਾ)- ਪੁਣੇ ਦਾ 7 ਸਾਲਾ ਅਦਵੈਤ ਕੋਲਾਰਕਰ ਲੰਡਨ ਦੀ ਗਗਲਿਆਰਡੀ ਗੈਲਰੀ ਵਿੱਚ ਅਗਲੇ ਮਹੀਨੇ ਲੱਗਣ ਵਾਲੀ ਆਪਣੀ ਪੇਂਟਿੰਗ ਦੀ ਪਹਿਲੀ ਸੋਲੋ ਪ੍ਰਦਰਸ਼ਨੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਪ੍ਰਦਰਸ਼ਨੀ ਲਈ ਕਲਾਕ੍ਰਿਤੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੇ ਅਦਵੈਤ ਨੇ 8 ਮਹੀਨਿਆਂ ਦੀ ਉਮਰ ਵਿੱਚ ਪੇਂਟਿੰਗ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ, ਜਦੋਂ ਉਹ ਖਾਣੇ ਵਿੱਚ ਵਰਤੇ ਜਾਂਦੇ ਰੰਗਾਂ ਨਾਲ ਖੇਡਦਾ ਸੀ।
ਅਦਵੈਤ ਦੀ ਮਾਂ ਸ਼ਰੂਤੀ ਜੋ ਕਿ ਖੁਦ ਇੱਕ ਗ੍ਰਾਫਿਕ ਡਿਜ਼ਾਈਨਰ ਹੈ ਅਤੇ ਪਿਤਾ ਅਮਿਤ, ਜੋ ਇੱਕ ਸਾਫਟਵੇਅਰ ਇੰਜੀਨੀਅਰ ਹਨ, ਨੇ ਬੇਟੇ ਦੀ ਪ੍ਰਤਿਭਾ ਨੂੰ ਦੇਖਿਆ ਅਤੇ ਉਸਨੂੰ ਇੱਕ ਕੈਨਵਸ ਸੌਂਪਿਆ। ਸ਼ਰੂਤੀ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, "ਸਾਡੇ ਘਰ ਦੀਆਂ ਕੰਧਾਂ 'ਤੇ ਅਦਵੈਤ ਦੀਆਂ ਕਲਾਕ੍ਰਿਤੀਆਂ ਹਨ, ਜੋ ਸ਼ਾਨਦਾਰ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ। ਅਦਵੈਤ ਲੰਡਨ ਵਿੱਚ ਨਵੇਂ ਲੋਕਾਂ ਨੂੰ ਮਿਲਣ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਹੈ।” ਗਗਲਿਆਰਡੀ ਗੈਲਰੀ ਵਿੱਚ ਅਦਵੈਤ ਦੀਆਂ ਰਚਨਾਵਾਂ ਦੀ ਪ੍ਰਦਰਸ਼ਨੀ 12 ਮਈ ਤੋਂ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 16 ਲੋਕਾਂ ਦੀ ਮੌਤ
ਗੈਲਰੀ ਦੇ ਕਿਊਰੇਟਰ, ਪੀਟਰ ਗੈਗਲਿਆਰਡੀ ਨੇ ਕਿਹਾ, “ਅਦਵੈਤ ਕੋਲਾਰਕਰ ਨੇ ਨਿਊਯਾਰਕ ਆਰਟ ਐਕਸਪੋ ਅਤੇ ਲੰਡਨ ਆਰਟ ਬਿਨੇਲੇ ਸਮੇਤ ਦੁਨੀਆ ਭਰ ਦੇ ਵੱਖ-ਵੱਖ ਸਮਾਗਮਾਂ ਵਿੱਚ ਸਫਲਤਾਪੂਰਵਕ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਲੰਡਨ ਵਿੱਚ ਉਸਦੀ ਪਹਿਲੀ ਸੋਲੋ ਪ੍ਰਦਰਸ਼ਨੀ ਦੀ ਮੇਜ਼ਬਾਨੀ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।" ਗਗਲਿਆਰਡੀ ਨੇ ਕਿਹਾ, "ਜਦੋਂ ਅਦਵੈਤ ਨੇ ਬੋਲਣਾ ਸਿੱਖਿਆ ਸੀ, ਉਦੋਂ ਰੰਗ ਉਸਦੇ ਸ਼ਬਦਾਂ ਉੱਤੇ ਹਾਵੀ ਹੋ ਗਏ। ਦੋ ਸਾਲ ਦੀ ਉਮਰ ਤੋਂ ਹੀ ਉਹ ਕੈਡਮੀਅਮ ਯੈਲੋ ਨੂੰ ਨੈਪਲਜ਼ ਯੈਲੋ ਅਤੇ ਰਾਅ ਸਿਏਨਾ ਨੂੰ ਬਰਨਟ ਸਿਏਨਾ ਤੋਂ ਵੱਖ ਕਰਨ ਦੇ ਯੋਗ ਸੀ। ਹੁਣ ਚੇਲਸੀ ਦੇ ਕੇਂਦਰ ਵਿੱਚ ਉਸ ਦੀਆਂ 25 ਤੋਂ ਵੱਧ ਕਲਾਕ੍ਰਿਤੀਆਂ ਪ੍ਰਦਰਸ਼ਿਤ ਹੋਣਗੀਆਂ। ਲੰਡਨ ਤੋਂ ਬਾਅਦ ਅਦਵੈਤ ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲਾਸ ਵੇਗਾਸ, ਨਿਊਯਾਰਕ ਅਤੇ ਇਟਲੀ ਵਿਚ ਵੀ ਲਗਾਈ ਜਾਵੇਗੀ। ਪੇਂਟਿੰਗ ਤੋਂ ਇਲਾਵਾ ਅਦਵੈਤ ਨੂੰ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਹੈ।
ਇਹ ਵੀ ਪੜ੍ਹੋ: ਸਜ਼ਾ ਪਾਉਣ ਵਾਲੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ, ਅਸਤੀਫ਼ੇ ਦੀ ਮੰਗ ਠੁਕਰਾਈ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।