‘ਧੀਆਂ ਬਚਾਓ’: ਕੁੜੀ ਹੋਣ ’ਤੇ ਇਸ ਹਸਪਤਾਲ ’ਚ ਨਹੀਂ ਲੱਗਦੇ ਪੈਸੇ, ਮਸੀਹਾ ਬਣਿਆ ਇਹ ਡਾਕਟਰ
Sunday, Nov 06, 2022 - 03:07 PM (IST)
ਪੁਣੇ- ਪੁਣੇ ਦੇ ਇਕ ਡਾਕਟਰ ਨੇ ਕੁੜੀਆਂ ਨੂੰ ਬਚਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦੇ ਤਹਿਤ ਉਹ ਆਪਣੇ ਹਸਪਤਾਲ ’ਚ ਬੱਚੀ ਦੇ ਜਨਮ ’ਤੇ ਨਾ ਸਿਰਫ਼ ਫ਼ੀਸ ਮੁਆਫ਼ ਕਰਦੇ ਹਨ, ਸਗੋਂ ਇਹ ਵੀ ਯਕੀਨੀ ਕਰਦੇ ਹਨ ਕਿ ਨਵਜਨਮੀ ਬੱਚੀ ਦਾ ਗਰਮਜੋਸ਼ੀ ਨਾਲ ਸਵਾਗਤ ਹੋਵੇ। ਮਹਾਰਾਸ਼ਟਰ ਦੇ ਹੜਪਸਰ ਇਲਾਕੇ ’ਚ ਪ੍ਰਸੂਤੀ-ਸਹਿ-ਮਲਟੀਸਪੈਸ਼ਲਿਸਟ ਹਸਪਤਾਲ ਚਲਾਉਣ ਵਾਲੇ ਡਾ. ਗਣੇਸ਼ ਰਾਖ ਆਪਣੀ ‘ਧੀ ਬਚਾਓ ਜਨ ਅੰਦੋਲਨ’ ਪਹਿਲ ਤਹਿਤ ਕੰਨਿਆ ਭਰੂਣ ਹੱਤਿਆ ਖਿਲਾਫ਼ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- ਕੀ ਭਵਿਆ ਬਿਸ਼ਨੋਈ ਬਚਾ ਸਕੇਗਾ ‘ਸਾਖ਼’?, 54 ਸਾਲਾਂ ਤੋਂ ਨਹੀਂ ਹਾਰਿਆ ਭਜਨਲਾਲ ਪਰਿਵਾਰ
11 ਸਾਲਾਂ ’ਚ 2400 ਕੁੜੀਆਂ ਦਾ ਜਨਮ
ਡਾ. ਗਣੇਸ਼ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਿਛਲੇ 11 ਸਾਲ ’ਚ ਕਰੀਬ 2400 ਕੁੜੀਆਂ ਦੇ ਜਨਮ ’ਤੇ ਉਨ੍ਹਾਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਤੋਂ ਫ਼ੀਸ ਨਹੀਂ ਲਈ। ਡਾ. ਗਣੇਸ਼ ਨੇ ਕਿਹਾ ਕਿ ਉਨ੍ਹਾਂ ਨੇ 2012 ’ਚ ਆਪਣੇ ਮੈਡੀਕੇਅਰ ਹਸਪਤਾਲ ’ਚ ਇਹ ਪਹਿਲ ਸ਼ੁਰੂ ਕੀਤੀ ਸੀ, ਜੋ ਹੁਣ ਵੱਖ-ਵੱਖ ਸੂਬਿਆਂ ਅਤੇ ਕੁਝ ਅਫ਼ਰੀਕੀ ਦੇਸ਼ਾਂ ’ਚ ਫੈਲ ਗਈ ਹੈ।
ਕੁੜੀ ਪੈਦਾ ਹੋਣ ’ਤੇ ਵੇਖਣ ਤੋਂ ਕਤਰਾਉਂਦੇ ਹਨ ਪਰਿਵਾਰਕ ਮੈਂਬਰ
ਡਾਕਟਰ ਨੇ ਕਿਹਾ ਕਿ ਹਸਪਤਾਲ ਦੇ ਸ਼ੁਰੂਆਤੀ ਸਾਲਾਂ ’ਚ ਸਾਲ 2012 ਤੋਂ ਪਹਿਲਾਂ ਸਾਨੂੰ ਇੱਥੇ ਵੱਖ-ਵੱਖ ਤਜ਼ਰਬੇ ਮਿਲੇ, ਜਿੱਥੇ ਕੁਝ ਮਾਮਲਿਆਂ ’ਚ ਕੁੜੀ ਦੇ ਪੈਦਾ ਹੋਣ ’ਤੇ ਪਰਿਵਾਰ ਦੇ ਮੈਂਬਰ ਉਸ ਨੂੰ ਵੇਖਣ ਤੋਂ ਕਤਰਾਉਂਦੇ ਦਿੱਸੇ। ਉਸ ਦ੍ਰਿਸ਼ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਇਸ ਨੇ ਮੈਨੂੰ ਕੰਨਿਆ ਨੂੰ ਬਚਾਉਣ ਅਤੇ ਸਮਾਨਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੁਝ ਕਰਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ- ਦਿੱਲੀ ਦੀ ਆਬੋ-ਹਵਾ ਨੂੰ ਲੈ ਕੇ ਘਿਰੀ AAP ਸਰਕਾਰ, ਤੇਜਿੰਦਰ ਬੱਗਾ ਨੇ ਕੇਜਰੀਵਾਲ ਨੂੰ ਦੱਸਿਆ ‘ਹਿਟਲਰ’
ਪੂਰੀ ਮੈਡੀਕਲ ਫ਼ੀਸ ਮੁਆਫ਼ ਕਰਨ ਦਾ ਫ਼ੈਸਲਾ ਲਿਆ
ਡਾ. ਮੁਤਾਬਕ ਮੁੰਡਾ ਪੈਦਾ ਹੋਣ ’ਤੇ ਕੁਝ ਪਰਿਵਾਰ ਖੁਸ਼ੀ-ਖੁਸ਼ੀ ਹਸਪਤਾਲ ਆਉਂਦੇ ਹਨ ਅਤੇ ਬਿੱਲ ਦਾ ਭੁਗਤਾਨ ਕਰਦੇ ਹਨ ਪਰ ਕੁੜੀ ਹੋਣ ’ਤੇ ਕੁਝ ਮਾਮਲਿਆਂ ’ਚ ਉਦਾਸੀਨ ਰਵੱਈਆ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੁੜੀ ਪੈਦਾ ਹੋਣ ’ਤੇ ਪੂਰੀ ਮੈਡੀਕਲ ਫ਼ੀਸ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਅਤੇ ਬਾਅਦ ’ਚ ਇਸ ਪਹਿਲ ਨੂੰ ‘ਬੇਟੀ ਬਚਾਓ ਜਨ ਅੰਦੋਲਨ’ ਦਾ ਨਾਮ ਦਿੱਤਾ।
ਕੰਨਿਆ ਹੱਤਿਆ ਗਲੋਬਲ ਸਮਾਜਿਕ ਮੁੱਦਾ-
ਡਾ. ਗਣੇਸ਼ ਰਾਖ ਨੇ ਕਿਹਾ ਕਿ ਇਕ ਸਰਕਾਰੀ ਸਰਵੇ ਮੁਤਾਬਕ ਪਿਛਲੇ 10 ਸਾਲਾਂ ’ਚ ਕੰਨਿਆ ਭਰੂਣ ਹੱਤਿਆ ਦੇ 6 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਇਕ ਤਰ੍ਹਾਂ ਦਾ ਕਤਲੇਆਮ ਹੈ। ਕੰਨਿਆ ਭਰੂਣ ਹੱਤਿਆ ਦਾ ਕਾਰਨ ਲੋਕਾਂ ਦਾ ਪੁੱਤਰ ਨੂੰ ਤਰਜੀਹ ਦੇਣਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਇਕ ਖੇਤਰ, ਸੂਬੇ ਜਾਂ ਕਿਸੇ ਦੇਸ਼ ਤੱਕ ਸੀਮਤ ਨਹੀਂ ਹੈ, ਸਗੋਂ ਇਹ ਗਲੋਬਲ ਸਮਾਜਿਕ ਮੁੱਦਾ ਹੈ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਖਿਲਾਫ਼ ਕਾਪੀਰਾਈਟ ਉਲੰਘਣਾ ਦਾ ਕੇਸ, ‘KGF 2’ ਨਾਲ ਜੁੜਿਆ ਹੈ ਮਾਮਲਾ