ਪੁਲਵਾਮਾ ਹਮਲਾ: ਸ਼ਹੀਦ ਜਵਾਨਾਂ ਨੂੰ ਨਮਨ, ਘਟਨਾ ਨੂੰ ਯਾਦ ਕਰ ਅੱਜ ਵੀ ਖੜ੍ਹੇ ਹੋ ਜਾਂਦੇ ਨੇ ਲੂ-ਕੰਢੇ
Wednesday, Feb 14, 2024 - 09:47 AM (IST)
ਨੈਸ਼ਨਲ ਡੈਸਕ- 14 ਫਰਵਰੀ ਦਾ ਦਿਨ ਭਾਵੇਂ ਹੀ ਕਈ ਲੋਕਾਂ ਲਈ ਵੈਲੇਨਟਾਈਨ ਡੇਅ ਮਨਾਉਣ ਦਾ ਦਿਨ ਹੋਵੇ ਪਰ ਇਹ ਦਿਨ ਇਤਿਹਾਸ ’ਚ ਜੰਮੂ-ਕਸ਼ਮੀਰ ਦੀ ਸਭ ਤੋਂ ਦੁਖ਼ਦ ਘਟਨਾ ਦੀ ਯਾਦ ਦਿਵਾਉਂਦਾ ਹੈ। 14 ਫਰਵਰੀ 2019 ਇਸ ਤਾਰੀਖ਼ ਨੂੰ ਕੌਣ ਭੁੱਲ ਸਕਦਾ ਹੈ। ਸਾਲ 2019 ’ਚ 14 ਫਰਵਰੀ ਵਾਲੇ ਦਿਨ ਹੀ ਅੱਤਵਾਦੀਆਂ ਨੇ ਇਸ ਦਿਨ ਨੂੰ ਦੇਸ਼ ਦੇ ਸੁਰੱਖਿਆ ਕਰਮੀਆਂ ’ਤੇ ਕਾਇਰਤਾਪੂਰਨ ਹਮਲੇ ਲਈ ਚੁਣਿਆ। ਇਸ ਘਟਨਾ ਨੂੰ ਯਾਦ ਕਰ ਕੇ ਅੱਜ ਵੀ ਲੂ-ਕੰਢੇ ਖੜ੍ਹੇ ਹੋ ਜਾਂਦੇ ਹਨ। ਇਸ ਅੱਤਵਾਦੀ ਹਮਲੇ ਮਗਰੋਂ ਜਵਾਨਾਂ ਦੇ ਮ੍ਰਿਤਕ ਸਰੀਰ ਸੜਕ 'ਤੇ ਦੂਰ-ਦੂਰ ਖਿਲਰ ਗਏ ਸਨ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੇ ਵਿਸਫੋਟਕ ਨਾਲ ਲੱਦੇ ਵਾਹਨ ਨਾਲ ਸੀ. ਆਰ. ਪੀ. ਐੱਫ. ਜਵਾਨਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ’ਚ 40 ਜਵਾਨ ਸ਼ਹੀਦ ਹੋ ਗਏ ਅਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਪੁੱਜਾ ਮਾਮਲਾ, ਕੋਰਟ ਨੇ ਕੀਤੀ ਇਹ ਟਿੱਪਣੀ
14 ਫਰਵਰੀ 2019 ਨੂੰ ਕਦੇ ਨਹੀਂ ਭੁੱਲ ਸਕਦੇ
ਪੁਲਵਾਮਾ ’ਚ ਸੀ. ਆਰ. ਪੀ. ਐੱਫ. ਜਵਾਨਾਂ ਨਾਲ ਭਰੀ ਬੱਸ ਨਾਲ ਇਕ ਵਿਸਫੋਟਕ ਨਾਲ ਭਰੀ ਗੱਡੀ ਸਿੱਧੀ ਜਾ ਟਕਰਾਈ ਅਤੇ ਜ਼ੋਰਦਾਰ ਧਮਾਕਾ ਹੋਇਆ। ਆਹਮਣੇ-ਸਾਹਮਣੇ ਦੀ ਟੱਕਰ ਹੋਣ ਤੋਂ ਪਹਿਲਾਂ ਤਾਂ ਕਿਸੇ ਨੂੰ ਕੁਝ ਸਮਝ ਨਹੀਂ ਆਇਆ। ਧਮਾਕੇ ਦਾ ਕਾਲਾ ਧੂੰਆਂ ਆਲੇ-ਦੁਆਲੇ ਇੰਨਾ ਕੁ ਜ਼ਿਆਦਾ ਭਰ ਗਿਆ ਕਿ ਕੁਝ ਨਜ਼ਰ ਨਹੀਂ ਆ ਰਿਹਾ ਸੀ। ਧੂੰਆਂ ਹਟਿਆ ਤਾਂ ਸੜਕ ’ਤੇ ਸਾਡੇ ਦੇਸ਼ ਦੇ ਵੀਰ ਜਵਾਨਾਂ ਦੇ ਮ੍ਰਿਤਰ ਸਰੀਰ ਪਏ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੜਕ ਕਈ ਦੂਰੀ ਤਕ ਖੂਨ ਨਾਲ ਰੰਗੀ ਗਈ ਸੀ। ਮੀਡੀਆ ਵਿਚ ਇਸ ਹਮਲੇ ਦੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਤਾਂ ਪੂਰਾ ਦੇਸ਼ ਹਿੱਲ ਗਿਆ। ਹਰ ਕਿਸੇ ਦੀ ਜ਼ੁਬਾਨ ’ਤੇ ਇਕੋਂ ਹੀ ਗੱਲ ਸੀ ਕਿ ਇਸ ਹਮਲੇ ਦਾ ਬਦਲਾ ਲਓ, ਅੱਤਵਾਦੀਆਂ ਨੂੰ ਮਾਰੋ ਅਤੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿਓ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਹਜ਼ਾਰਾਂ ਟਰੈਕਟਰਾਂ ਨਾਲ ਕਿਸਾਨਾਂ ਨੇ ਦਿੱਲੀ ਨੂੰ ਪਾਏ ਚਾਲੇ
300 ਕਿਲੋ ਵਿਸਫੋਟਕ ਨਾਲ ਭਰੇ ਵਾਹਨ ਨਾਲ ਕੀਤਾ ਸੀ ਹਮਲਾ
ਦਰਅਸਲ ਅੱਤਵਾਦੀਆਂ ਨੇ ਪੁਲਵਾਮਾ 'ਚ ਨੈਸ਼ਨਲ ਹਾਈਵੇ 'ਤੇ ਜਾ ਰਹੇ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੇ ਜਵਾਨਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ। 14 ਫਰਵਰੀ, 2019 ਦੀ ਦੁਪਹਿਰ ਨੂੰ 300 ਕਿਲੋਗ੍ਰਾਮ ਵਿਸਫੋਟਕਾਂ ਨਾਲ ਭਰੇ ਇਕ ਵਾਹਨ ਨੇ CRPF ਦੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ ਅਤੇ ਕਾਫਲੇ ਨੂੰ ਉਡਾ ਦਿੱਤਾ। ਮਹਿਜ 20 ਸਾਲ ਦੇ ਮੁੰਡੇ, ਜਿਸ ਦਾ ਨਾਂ ਆਦਿਲ ਅਹਿਮਦ ਡਾਰ ਸੀ। ਆਦਿਲ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ। ਹਮਲੇ ਤੋਂ ਪਹਿਲਾਂ ਉਸ ਨੇ ਵੀਡੀਓ ਵੀ ਬਣਾਇਆ ਸੀ, ਜਿਸ ’ਚ ਉਸ ਨੇ ਕਿਹਾ ਸੀ ਕਿ ਉਹ ਇਸ ਤੋਂ ਬਾਅਦ ਜੰਨਤ ਨੂੰ ਜਾਵੇਗਾ। ਸੋਸ਼ਲ ਮੀਡੀਆ ’ਤੇ ਉਸ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ।
ਇਹ ਵੀ ਪੜ੍ਹੋ- ਬਜ਼ੁਰਗ ਬਾਬੇ ਦੀ ਹਰਿਆਣਾ ਪੁਲਸ ਨੂੰ ਲਲਕਾਰ- ਹੁਣ ਪਿੱਛੇ ਨਹੀਂ ਜਾਂਦੇ ਮਾਰ ਗੋਲੀ, ਇਕ ਮਾਰੋਗੇ ਬਹੁਤ ਜੰਮਣਗੇ
ਭਾਰਤ ਨੇ ਇੰਝ ਲਿਆ ਸੀ ਬਦਲਾ
ਇਸ ਹਮਲੇ ਦਾ ਭਾਰਤ ਨੇ ਬਦਲਾ ਲਿਆ। 26 ਫਰਵਰੀ 2019 ਨੂੰ ਰਾਤ ਦੇ ਕਰੀਬ ਤਿੰਨ ਵਜੇ ਭਾਰਤੀ ਹਵਾਈ ਫ਼ੌਜ ਦੇ 12 ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ (LoC) ਨੂੰ ਪਾਰ ਕੀਤਾ ਅਤੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਸੂਤਰਾਂ ਮੁਤਾਬਕ ਇਸ ਹਮਲੇ 'ਚ ਪਾਕਿਸਤਾਨ ਸਹਿਯੋਗੀ 300 ਅੱਤਵਾਦੀ ਮਾਰੇ ਗਏ ਸਨ। ਹਵਾਈ ਹਮਲੇ 'ਚ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਕਰੀਬ 1000 ਕਿਲੋ ਬੰਬ ਵਰ੍ਹਾਏ ਗਏ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਤੋਂ ਬਦਲਾ ਲੈਣ ਦੀ ਯੋਜਨਾ ਬਣਾਉਣ ਦੀ ਜ਼ਿੰਮੇਵਾਰੀ NSA ਅਜੀਤ ਡੋਵਾਲ ਨੂੰ ਦਿੱਤੀ ਸੀ। ਉਨ੍ਹਾਂ ਤੋਂ ਇਲਾਵਾ ਉਸ ਵੇਲੇ ਦੇ ਹਵਾਈ ਸੈਨਾ ਮੁਖੀ ਬੀ.ਐਸ ਧਨੋਆ ਨੇ ਵੀ ਹਵਾਈ ਹਮਲੇ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਸ਼ੰਭੂ ਬਾਰਡਰ 'ਤੇ ਆਇਆ ਕਿਸਾਨਾਂ ਦਾ ਹੜ੍ਹ (ਵੀਡੀਓ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8