ਅਦਭੁੱਤ ਮਿਸਾਲ : ਸਿੱਖਿਆ ਤੇ ਸੱਭਿਆਚਾਰ ’ਚ ਵਧੀ ਹੈ ਜਨਤਾ ਦੀ ਹਿੱਸੇਦਾਰੀ : PM ਮੋਦੀ
Monday, May 01, 2023 - 02:16 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ਨਾਲ ਜੁੜੇ ਮੁੱਦਿਆਂ ਨੂੰ ਉਨ੍ਹਾਂ ‘ਮਨ ਕੀ ਬਾਤ’ ਪ੍ਰੋਗਰਾਮ ’ਚ ਕਈ ਵਾਰ ਉਠਾਇਆ ਹੈ ਅਤੇ ਉਨ੍ਹਾਂ ਇਸ ਗੱਲ ਦੀ ਖੁਸ਼ੀ ਹੈ ਕਿ ਇਨ੍ਹਾਂ ਖੇਤਰਾਂ ’ਚ ਜਨਤਾ ਦੀ ਹਿੱਸੇਦਾਰੀ ਵਧਣ ਨਾਲ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰੇਡੀਓ ’ਤੇ ਪ੍ਰਸਾਰਿਤ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ’ਚ ਕਿਹਾ ਕਿ ਉਨ੍ਹਾਂ ਪਹਿਲਾਂ ਕਈ ਵਾਰ ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ’ਚ ਕੰਮ ਕਰਨ ਵਾਲੇ ਕਈ ਲੋਕਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ।
ਇਸ ਖੇਤਰ ’ਚ ਭਾਰਤ ’ਚ ਹੋ ਰਹੇ ਕੰਮਾਂ ਦੀ ਵਿਸ਼ਵ ਪੱਧਰ ’ਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਖੁਦ ਯੂਨੈਸਕੋ ਦੀ ਡਾਇਰੈਕਟਰ ਜਨਰਲ ਔਦਰੇ ਆਜੁਲੇ ਨੇ ਵੀ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦੋਵਾਂ ਖੇਤਰਾਂ ’ਚ ਚਰਚਾ ‘ਮਨ ਕੀ ਬਾਤ’ ਦੇ ਚਹੇਤੇ ਵਿਸ਼ੇ ਰਹੇ ਹਨ। ਉਨ੍ਹਾਂ ਕਿਹਾ ਗੱਲ ਸਿੱਖਿਆ ਦੀ ਹੋਵੇ ਜਾਂ ਸੰਸਕ੍ਰਿਤੀ ਦੀ, ਭਾਵੇਂ ਇਸ ਦੀ ਸੰਭਾਲ ਜਾਂ ਪ੍ਰਚਾਰ ਦੀ ਗੱਲ ਹੋਵੇ, ਭਾਰਤ ਦੀ ਪ੍ਰਾਚੀਨ ਪਰੰਪਰਾ ਰਹੀ ਹੈ। ਇਸ ਦਿਸ਼ਾ ’ਚ ਅੱਜ ਦੇਸ਼ ਜੋ ਕੰਮ ਕਰ ਰਿਹਾ ਹੈ, ਉਹ ਵਾਕਈ ਬਹੁਤ ਸ਼ਲਾਘਾਯੋਗ ਹੈ। ਰਾਸ਼ਟਰੀ ਸਿੱਖਿਆ ਨੀਤੀ ਹੋਵੇ ਜਾਂ ਖੇਤਰੀ ਭਾਸ਼ਾ ’ਚ ਪੜ੍ਹਾਈ ਦਾ ਬਦਲ ਹੋਵੇ, ਸਿੱਖਿਆ ’ਚ ਤਕਨੀਕੀ ਸ਼ਮੂਲੀਅਤ ਹੋਵੇ, ਅਜਿਹੇ ਕਈ ਯਤਨ ਤੁਹਾਨੂੰ ਦੇਖਣ ਨੂੰ ਮਿਲਣਗੇ। ਸਾਲ ਪਹਿਲਾਂ ਗੁਜਰਾਤ ’ਚ ਬਿਹਤਰ ਸਿੱਖਿਆ ਦੇਣ ਅਤੇ ਸਕੂਲ ਛੱਡਣ ਦੀ ਦਰ ਨੂੰ ਘਟਾਉਣ ਲਈ ‘ਗੁਣ ਉਤਸਵ ਅਤੇ ਸ਼ਾਲਾ ਪ੍ਰਵੇਸ਼ੋਤਸਵ’ ਵਰਗੇ ਪ੍ਰੋਗਰਾਮ ਜਨਤਕ ਹਿੱਸੇਦਾਰੀ ਦੀ ਇਕ ਅਦਭੁਤ ਮਿਸਾਲ ਬਣ ਗਏ ਸਨ।
‘ਮਨ ਕੀ ਬਾਤ’ ’ਚ ਅਸੀਂ ਅਜਿਹੇ ਬਹੁਤ ਸਾਰੇ ਲੋਕਾਂ ਦੇ ਯਤਨਾਂ ਨੂੰ ਉਜਾਗਰ ਕੀਤਾ ਹੈ ਜੋ ਨਿਰਸਵਾਰਥ ਹੋ ਕੇ ਸਿੱਖਿਆ ਲਈ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਸੰਦਰਭ ’ਚ ਇਸ ਪ੍ਰੋਗਰਾਮ ’ਚ ਅਸੀਂ ਇਕ ਵਾਰ ਓਡਿਸ਼ਾ ’ਚ ਠੇਲੇ ’ਤੇ ਚਾਹ ਵੇਚਣ ਵਾਲੇ ਸਵ. ਡੀ. ਪ੍ਰਕਾਸ਼ ਰਾਓ ਜੀ ਵਾਰੇ ਚਰਚਾ ਕੀਤੀ ਸੀ, ਜੋ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੇ ਮਿਸ਼ਨ ’ਚ ਲੱਗੇ ਹੋਏ ਸਨ। ਝਾਰਖੰਡ ਦੇ ਪਿੰਡਾਂ ’ਚ ਇਕ ਡਿਜੀਟਲ ਲਾਇਬ੍ਰੇਰੀ ਚਲਾਉਣ ਵਾਲੇ ਸੰਜੇ ਕਸ਼ਯਪ ਜੀ ਹੋਣ, ਕੋਵਿਡ ਦੌਰਾਨ ਈ-ਲਰਨਿੰਗ ਰਾਹੀਂ ਕਈ ਬੱਚਿਆਂ ਦੀ ਮਦਦ ਕਰਨ ਵਾਲੀ ਹੇਮਲਤਾ ਐੱਨ. ਕੇ. ਜੀ ਹੋਣ, ਅਜਿਹੇ ਕਈ ਅਧਿਆਪਕਾਂ ਦੀਆਂ ਉਦਾਹਰਣਾਂ ਅਸੀਂ ‘ਮਨ ਕੀ ਬਾਤ’ ’ਚ ਲਈ ਹੈ। ਅਸੀਂ ਵੀ ਸੱਭਿਆਚਾਰਕ ਸੰਭਾਲ ਦੇ ਯਤਨਾਂ ਨੂੰ ਵੀ ‘ਮਨ ਕੀ ਬਾਤ’ ’ਚ ਲਗਾਤਾਰ ਥਾਂ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਭਾਵੇਂ ਲਕਸ਼ਦੀਪ ਦਾ ਕੁਮੀਲ ਬ੍ਰਦਰਜ਼ ਚੈਲੇਂਜਰਜ਼ ਕਲੱਬ ਹੋਵੇ ਜਾਂ ਕਰਨਾਟਕ ਦਾ ‘ਕਵੇਮਸ਼੍ਰੀ’ ਜੀ ‘ਕਲਾ ਚੇਤਨਾ’ ਵਰਗੇ ਮੰਚ ਹੋਵੇ, ਦੇਸ਼ ਦੇ ਹਰ ਕੋਨੇ ਤੋਂ ਲੋਕਾਂ ਨੇ ਮੈਨੂੰ ਚਿੱਠੀਆਂ ਲਿਖ ਕੇ ਅਜਿਹੀਆਂ ਉਦਾਹਰਣਾਂ ਭੇਜੀਆਂ ਹਨ। ਅਸੀਂ ਉਨ੍ਹਾਂ ਤਿੰਨ ਮੁਕਾਬਲਿਆਂ ਬਾਰੇ ਵੀ ਗੱਲ ਕੀਤੀ ਜੋ ਦੇਸ਼ ਭਗਤੀ ’ਤੇ ‘ਗੀਤ’ ‘ਲੋਰੀ’ ਅਤੇ ‘ਰੰਗੋਲੀ’ ਨਾਲ ਜੁੜੇ ਸਨ। ਤੁਹਾਨੂੰ ਯਾਦ ਹੋਵੇਗਾ, ਇਕ ਵਾਰ ਅਸੀਂ ਦੇਸ਼ ਭਰ ਦੇ ਕਹਾਣੀਕਾਰਾਂ ਦੀਆਂ ਕਹਾਣੀਆਂ ਰਾਹੀਂ ਸਿੱਖਿਆ ਦੇ ਭਾਰਤੀ ਢੰਗਾਂ ਬਾਰੇ ਚਰਚਾ ਕੀਤੀ ਸੀ। ਮੇਰਾ ਪੱਕਾ ਵਿਸ਼ਵਾਸ ਹੈ ਕਿ ਸਮੂਹਿਕ ਯਤਨ ਹੀ ਸਭ ਤੋਂ ਵੱਡੀ ਤਬਦੀਲੀ ਲਿਆ ਸਕਦੇ ਹਨ। ਇਸ ਸਾਲ ਜਿੱਥੇ ਅਸੀਂ ਆਜ਼ਾਦੀ ਦੇ ਸੁਨਹਿਰੀ ਯੁੱਗ ’ਚ ਅੱਗੇ ਵਧ ਰਹੇ ਹਾਂ, ਉੱਥੇ ਅਸੀਂ ਜੀ-20 ਦੀ ਪ੍ਰਧਾਨਗੀ ਵੀ ਕਰ ਰਹੇ ਹਾਂ। ਇਹ ਵੀ ਇਕ ਕਾਰਨ ਹੈ ਕਿ ਸਿੱਖਿਆ ਦੇ ਨਾਲ-ਨਾਲ ਵਿਸ਼ਵ ਸੱਭਿਆਚਾਰਕ ਵਿਭਿੰਨਤਾ ਨੂੰ ਅਮੀਰ ਬਣਾਉਣ ਦਾ ਸਾਡਾ ਸੰਕਲਪ ਹੋਰ ਮਜ਼ਬੂਤ ਹੋਇਆ ਹੈ।