ਸਰਨਾ ਨੇ ਕੇਜਰੀਵਾਲ ਨੂੰ ਚਿੱਠੀ ਲਿਖ ਦੱਖਣੀ ਦਿੱਲੀ ਦੇ ਗੁਰਦੁਆਰੇ ਬੰਦ ਕਰਨ ਦੇ ਆਦੇਸ਼ ਦਾ ਕੀਤਾ ਵਿਰੋਧ
Tuesday, Jul 13, 2021 - 05:46 PM (IST)
ਨੈਸ਼ਨਲ ਡੈਸਕ- ਦਿੱਲੀ ਸੂਬਾ ਸਰਕਾਰ ਦੇ ਜਾਰੀ ਆਦੇਸ਼ 'ਚ ਦੱਖਣੀ ਦਿੱਲੀ ਦੇ 6 ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਕ ਨੋਟਿਸ ਜਾਰੀ ਹੋਇਆ ਹੈ। ਜਿਸ 'ਚ ਗੁਰਦੁਆਰਿਆਂ ਅੰਦਰ ਸ਼ਰਧਾਲੂਆਂ ਦੇ ਪ੍ਰਵੇਸ਼ 'ਤੇ, ਸੰਬੰਧਤ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਦਾ ਆਦੇਸ਼ ਹੈ। ਇਹ ਆਦੇਸ਼ ਵਸੰਤ ਵਿਹਾਰ ਦੇ ਸਬ-ਡਵੀਜ਼ਨਲ ਮੈਜਿਸਟਰੇਟ ਵਲੋਂ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਨਾਰਾਜ਼ਗੀ ਜਤਾਈ ਗਈ ਹੈ।
ਇਸ ਮੁੱਦੇ ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ। ਸਰਨਾ ਅਨੁਸਾਰ,''ਸਾਡੇ ਗੁਰਦੁਆਰਿਆਂ 'ਚ ਖੂਬਸੂਰਤੀ ਨਾਲ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਇਹ ਆਸਥਾ ਦੇ ਪਵਿੱਤਰ ਸਥਾਨ ਹੈ, ਜਿੱਥੇ ਸ਼ਰਧਾਲੂ ਪਰਮਾਤਮਾ ਨਾਲ ਖ਼ੁਦ ਨੂੰ ਜੋੜਨ ਲਈ ਆਉਂਦਾ ਹੈ। ਇੱਥੇ ਦੂਜੀਆਂ ਜਨਤਕ ਥਾਂਵਾਂ ਦੀ ਤਰ੍ਹਾਂ ਹੰਗਾਮਾ ਨਹੀਂ ਹੁੰਦਾ ਹੈ।
ਦਿੱਲੀ ਸੂਬਾ ਸਰਕਾਰ ਦੇ ਇਸ ਨੋਟਿਸ ਦਾ ਅਸੀਂ ਵਿਰੋਧ ਕਰਦੇ ਹਾਂ, ਜਿਸ 'ਚ ਸਿਰਫ਼ ਕੁਝ ਖ਼ਾਸ ਗੁਰਦੁਆਰਿਆਂ ਨੂੰ ਹੀ ਚਿੰਨ੍ਹਿਤ ਕੀਤਾ ਗਿਆ ਹੈ। ਆਖ਼ਰ ਦੂਜੇ ਧਾਰਮਿਕ ਸਥਾਨ ਵੀ ਤਾਂ ਸਹੀ ਰੂਪ ਨਾਲ ਚੱਲ ਰਹੇ ਹਨ?'' ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਾਰਟੀ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਸੰਬੰਧਤ ਅਧਿਕਾਰੀਆਂ ਨਾਲ ਗੱਲ ਕਰ ਕੇ ਜਾਰੀ ਆਦੇਸ਼ 'ਤੇ ਤੁਰੰਤ ਰੋਕ ਲਗਾਉਣ।