350ਵਾਂ ਸ਼ਹੀਦੀ ਦਿਹਾੜਾ : ਦੂਜਿਆਂ ਦੇ ਧਰਮ ਦੀ ਰੱਖਿਆ ਕਰਨਾ ਵੀ ਸਭ ਤੋਂ ਵੱਡਾ ਧਰਮ : PM ਮੋਦੀ
Tuesday, Nov 25, 2025 - 05:54 PM (IST)
ਹਰਿਆਣਾ : "ਹਿੰਦ ਦੀ ਚਾਦਰ" ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਹਰਿਆਣਾ ਸਰਕਾਰ ਵੱਲੋਂ ਅੱਜ ਕੁਰੂਕਸ਼ੇਤਰ ਦੇ ਜੋਤੀਸਰ 'ਚ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੇ ਇਕੱਠ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 350ਵੀਂ ਸ਼ਹੀਦੀ ਪੁਰਬ ਮੌਕੇ ਹਰਿਆਣਾ ਪੁੱਜੇ। ਇਸ ਦੌਰਾਨ ਪੀਐੱਮ ਮੋਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੋਏ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੈਬਨਿਟ ਮੰਤਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੀਐੱਮ ਮੋਦੀ ਵੱਲੋਂ ਦੇਸ਼ ਲਈ ਕੀਤੇ ਗਏ ਕੰਮਾਂ ਲਈ ਧੰਨਵਾਦ ਕੀਤਾ ਗਿਆ। ਇਸ ਤੋਂ ਬਾਅਦ ਸੀਐੱਮ ਸੈਣੀ ਨੂੰ ਪ੍ਰਧਾਨ ਮੰਤਰੀ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਇਕ ਧਾਰਮਿਕ ਕਿਤਾਬ ਵੀ ਰਿਲੀਜ਼ ਕੀਤੀ। ਪ੍ਰਧਾਨ ਮੰਤਰੀ ਨੇ ਸਮਾਗਮ ਦੌਰਾਨ ਗੁਰੂ ਜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ।
ਇਸ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕੁਰੂਕਸ਼ੇਤਰ ਸਿੱਖ ਪਰੰਪਰਾ ਦਾ ਮੁੱਖ ਕੇਂਦਰ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਸਿੱਖ ਪਰੰਪਰਾ ਅਤੇ ਵਿਸ਼ਵਾਸ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਸਾਰੇ ਦਸ ਸਿੱਖ ਗੁਰੂਆਂ ਨੇ ਆਪਣੀਆਂ ਯਾਤਰਾਵਾਂ ਦੌਰਾਨ ਇੱਥੇ ਯਾਤਰਾ ਕੀਤੀ, ਜਿਸ ਨਾਲ ਇਸ ਧਰਤੀ ਨੂੰ ਸਿੱਖ ਧਰਮ ਲਈ ਵਿਸ਼ੇਸ਼ ਮਹੱਤਵ ਪ੍ਰਾਪਤ ਹੋਇਆ। ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਪ੍ਰੇਰਨਾ ਦਾ ਸਰੋਤ ਦੱਸਦੇ ਹੋਏ ਮੋਦੀ ਨੇ ਕਿਹਾ, “ਗੁਰੂ ਸਾਹਿਬ ਬਹਾਦਰੀ, ਦਇਆ ਅਤੇ ਧਰਮ ਦੀ ਰੱਖਿਆ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹਨ। ਉਸ ਕਾਲੇ ਦੌਰ ਦੌਰਾਨ ਜਦੋਂ ਮੁਗਲ ਸ਼ਾਸਕ ਔਰੰਗਜ਼ੇਬ ਦੇ ਹੁਕਮਾਂ 'ਤੇ ਕਸ਼ਮੀਰੀ ਪੰਡਿਤਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ, ਤਾਂ ਦੁਖੀ ਕਸ਼ਮੀਰੀ ਹਿੰਦੂਆਂ ਦਾ ਇੱਕ ਸਮੂਹ ਆਨੰਦਪੁਰ ਸਾਹਿਬ ਪਹੁੰਚਿਆ ਅਤੇ ਗੁਰੂ ਮਹਾਰਾਜ ਨੂੰ ਸੁਰੱਖਿਆ ਦੀ ਅਪੀਲ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਨਾ ਸਿਰਫ਼ ਉਨ੍ਹਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਲਈ, ਸਗੋਂ ਖੁਦ ਦਿੱਲੀ ਵੀ ਗਏ ਅਤੇ ਧਰਮ ਦੀ ਰੱਖਿਆ ਲਈ ਸਭ ਕੁਝ ਕੁਰਬਾਨ ਕਰ ਦਿੱਤਾ। 'ਹਿੰਦ ਦੀ ਚਾਦਰ' ਵਜੋਂ ਜਾਣੇ ਜਾਂਦੇ ਗੁਰੂ ਸਾਹਿਬ ਨੇ ਸਾਬਤ ਕਰ ਦਿੱਤਾ ਕਿ ਦੂਜਿਆਂ ਦੇ ਧਰਮ ਦੀ ਰੱਖਿਆ ਕਰਨਾ ਵੀ ਸਭ ਤੋਂ ਵੱਡਾ ਧਰਮ ਹੈ।
