ਜੰਮੂ-ਕਸ਼ਮੀਰ ਦੇ ਆਰਥਿਕ ਵਿਕਾਸ ਲਈ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇ: ਸਿਨਹਾ
Monday, Jun 28, 2021 - 02:09 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਜੰਗਲਾਤ ਮਹਿਕਮੇ ਦੇ ਦਾਇਰੇ ਵਿਚ ਈਕੋ-ਟੂਰਿਜ਼ਮ, ਲੱਕੜ ਆਧਾਰਿਤ ਉਦਯੋਗਾਂ ਅਤੇ ਗੈਰ-ਇਮਾਰਤੀ ਜੰਗਲਾਤ ਉਤਪਾਦਾਂ ਨੂੰ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਲਈ ਨਵੇਂ ਰਾਹ ਤਲਾਸ਼ਣ ਦੀ ਅਪੀਲ ਕੀਤੀ, ਤਾਂ ਕਿ ਜੰਗਲਾਤ ਖੇਤਰ ਦੇ ਯੋਗਦਾਨ ਨਾਲ ਪ੍ਰਦੇਸ਼ ਦੇ ਆਰਥਿਕ ਵਿਕਾਸ ਨੂੰ ਹੋਰ ਵਧਾਇਆ ਜਾ ਸਕੇ। ਉੱਪ ਰਾਜਪਾਲ ਇੱਥੇ ਰਾਜ ਭਵਨ ਵਿਚ ਆਯੋਜਿਤ ਜੰਮੂ-ਕਸ਼ਮੀਰ ਜੰਗਲਾਤ ਮਹਿਕਮੇ ਦੇ 130 ਸਾਲ ਦੀ ਸਮਰਪਿਤ ਸੇਵਾ ਪ੍ਰੋਗਰਾਮ ਦੇ ਸਥਾਪਨਾ ਦਿਵਸ ਮੌਕੇ ਬੋਲ ਰਹੇ ਸਨ।
ਉੱਪ ਰਾਜਪਾਲ ਨੇ ਕੁਦਰਤ ਅਤੇ ਵਿਕਾਸ ਵਿਚਾਲੇ ਸਹੀ ਸੰਤੁਲਨ ਬਣਾ ਕੇ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਸਬੰਧ ਵਿਚ ਜੰਗਲਾਤ ਮਹਿਕਮੇ ਨੂੰ ਮਹੱਤਵਪੂਰਨ ਦੱਸਿਆ ਅਤੇ ਸਬੰਧਤ ਅਹੁਦਾ ਅਧਿਕਾਰੀਆਂ ਨੂੰ ਵਿਕਾਸ ਦੇ ਅਨੁਕੂਲ ਪ੍ਰਭਾਵਾਂ ਨੂੰ ਘੱਟ ਕਰਨ ਦੇ ਤਰੀਕਿਆਂ ਦਾ ਪਤਾ ਲਾਉਣ ਲਈ ਕਿਹਾ। ਸਿਨਹਾ ਨੇ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਤੇਜ਼ੀ ਨਾਲ ਵਿਕਾਸ ਦੇ ਰਾਹ ’ਤੇ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦੀ ਸ਼ਾਸਨ ਨੂੰ ਲੋਕਾਂ ਦੇ ਦਰਵਾਜ਼ੇ ਤੱਕ ਲੈ ਜਾਣਾ ਪਹਿਲੀ ਤਰਜੀਹ ਹੈ। ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਜਨ-ਭਾਗੀਦਾਰੀ ਅਤੇ ਸਰਗਰਮ ਸ਼ਮੂਲੀਅਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕੁਦਰਤੀ ਸਰੋਤਾਂ ਦੇ ਪ੍ਰਬੰਧਨ ’ਚ ਗ੍ਰਾਮ ਪੰਚਾਇਤਾਂ ਵਰਗੀਆਂ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਦੀ ਸਰਗਰਮ ਹਿੱਸੇਦਾਰੀ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।