UP ''ਚ ਜਨਾਨੀਆਂ ਦੀ ਅਸੁਰੱਖਿਆ ਦੇ ਮਾਹੌਲ ਨੂੰ ਦਿਖਾਉਂਦੀ ਹੈ ਬੁਲੰਦਸ਼ਹਿਰ ਦੀ ਘਟਨਾ : ਪ੍ਰਿਯੰਕਾ ਗਾਂਧੀ
Tuesday, Aug 11, 2020 - 05:22 PM (IST)
ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਕਥਿਤ ਤੌਰ 'ਤੇ ਛੇੜਛਾੜ ਦੌਰਾਨ ਹੋਏ ਹਾਦਸੇ 'ਚ ਇਕ ਕੁੜੀ ਦੀ ਮੌਤ ਨੂੰ ਲੈ ਕੇ ਮੰਗਲਵਾਰ ਨੂੰ ਦੋਸ਼ ਲਗਾਇਆ। ਪ੍ਰਿਯੰਕਾ ਨੇ ਕਿਹਾ ਕਿ ਇਹ ਘਟਨਾ ਸੂਬੇ 'ਚ ਕਾਨੂੰਨ ਦਾ ਡਰ ਖਤਮ ਹੋਣ ਅਤੇ ਜਨਾਨੀਆਂ ਲਈ ਅਸੁਰੱਖਿਆ ਦਾ ਮਾਹੌਲ ਹੋਣ ਬਾਰੇ ਦੱਸਦੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਬੁਲੰਦਸ਼ਹਿਰ ਦੀ ਘਟਨਾ ਉੱਤਰ ਪ੍ਰਦੇਸ਼ 'ਚ ਕਾਨੂੰਨ ਦੇ ਡਰ ਦੇ ਖਾਤਮੇ ਅਤੇ ਜਨਾਨੀਆਂ ਲਈ ਫੈਲੇ ਅਸੁਰੱਖਿਆ ਦੇ ਮਾਹੌਲ ਨੂੰ ਦਿਖਾਉਂਦੀ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪ੍ਰਸ਼ਾਸਨ ਛੇੜਛਾੜ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਕਿਹਾ,''ਵਿਆਪਕ ਫੇਰਬਦਲ ਦੀ ਜ਼ਰੂਰਤ ਹੈ। ਜਨਾਨੀਆਂ 'ਤੇ ਹੋਣ ਵਾਲੇ ਹਰ ਤਰ੍ਹਾਂ ਦੇ ਅਪਰਾਧ ਨੂੰ ਲੈ ਕੇ ਬਿਲਕੁੱਲ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਹੋਣੀ ਚਾਹੀਦੀ ਹੈ।'' ਦੱਸਣਯੋਗ ਹੈ ਕਿ ਅਮਰੀਕਾ 'ਚ ਸਕਾਲਰਸ਼ਿਪ 'ਤੇ ਪੜ੍ਹਾਈ ਕਰ ਹੀ ਦਾਦਰੀ ਤਹਿਸੀਲ ਦੇ ਡੇਅਰੀ ਸਕੈਨਰ ਪਿੰਡ ਦੀ ਵਿਦਿਆਰਥਣ ਸੁਦੀਕਸ਼ਾ ਭਾਟੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਸੁਦੀਕਸ਼ਾ ਭਾਟੀ ਸੋਮਵਾਰ ਨੂੰ ਆਪਣੇ ਭਰਾ ਨਾਲ ਦੋਪਹੀਆ ਵਾਹਨ 'ਤੇ ਬੁਲੰਦਸ਼ਹਿਰ 'ਚ ਔਰੰਗਾਬਾਦ ਜਾ ਰਹੀ ਸੀ। ਔਰੰਗਾਬਾਦ ਪਿੰਡ ਕੋਲ ਇਕ ਮੋਟਰ ਸਾਈਕਲ ਨੇ ਉਨ੍ਹਾਂ ਦੇ ਦੋਪਹੀਆ ਵਾਹਨ 'ਚ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਸੁਦੀਕਸ਼ਾ ਦੀ ਮੌਤ ਹੋ ਗਈ। ਹਾਲਾਂਕਿ ਘਰ ਵਾਲਿਆਂ ਦਾ ਦੋਸ਼ ਹੈ ਕਿ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਸੁਦੀਕਸ਼ਾ ਨੂੰ ਬੁਲੇਟ ਮੋਟਰਸਾਈਕਲ 'ਤੇ ਸਵਾਰ 2 ਮਨਚਲੇ ਲਗਾਤਾਰ ਛੇੜ ਰਹੇ ਸਨ। ਇਸੇ ਦੌਰਾਨ ਔਰੰਗਾਬਾਦ ਪਿੰਡ ਕੋਲ ਦੋਹਾਂ ਵਾਹਨਾਂ ਦੀ ਟੱਕਰ ਹੋ ਗਈ।