ਪਿ੍ਰਅੰਕਾ ਗਾਂਧੀ ਨੇ ਸਿੱਖਿਆ ਮੰਤਰੀ ਨਿਸ਼ੰਕ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ
Sunday, Apr 11, 2021 - 04:44 PM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੂੰ ਐਤਵਾਰ ਨੂੰ ਚਿੱਠੀ ਲਿਖੀ ਹੈ। ਪਿ੍ਰਅੰਕਾ ਨੇ ਸੀ. ਬੀ. ਐੱਸ. ਈ. ਬੋਰਡ ਇਮਤਿਹਾਨ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਕੇਂਦਰਾਂ ’ਤੇ ਭੀੜ ਹੋਣ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕਰਨਾ ਅਸੰਭਵ ਹੋਵੇਗਾ। ਪਿ੍ਰਅੰਕਾ ਨੇ ਸਿੱਖਿਆ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਵੱਧਦੀ ਮਹਾਮਾਰੀ ਦੌਰਾਨ ਇਨ੍ਹਾਂ ਇਮਤਿਹਾਨਾਂ ’ਚ ਬੈਠਣ ਲਈ ਵਿਦਿਆਰਥੀਆਂ ਨੂੰ ਮਜਬੂਰ ਕਰਨ ’ਤੇ, ਕਿਸੇ ਵੀ ਇਮਤਿਹਾਨ ਕੇਂਦਰ ’ਤੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੇ ਪੀੜਤ ਹੋਣ ਦੀ ਸਥਿਤੀ ਵਿਚ ਸਰਕਾਰ ਅਤੇ ਸੀ. ਬੀ. ਐੱਸ. ਈ. ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਪਿ੍ਰਅੰਕਾ ਨੇ ਕਿਹਾ ਕਿ ਸਰਕਾਰ ਅਤੇ ਸੀ. ਬੀ. ਐੱਸ. ਈ. ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਉਹ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ, ਜੋ ਇਸ ਤਰੀਕੇ ਨਾਲ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਪਿ੍ਰਅੰਕਾ ਗਾਂਧੀ ਨੇ ਅੱਗੇ ਕਿਹਾ ਕਿ ਦੇਸ਼ ਵਿਚ ਕੋਰੋਨਾ ਦੇ 1 ਲੱਖ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ, ਲੱਖਾਂ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਇਮਤਿਹਾਨ ਕੇਂਦਰਾਂ ’ਚ ਇਕੱਠੇ ਹੋਣ ਨੂੰ ਲੈ ਕੇ ਡਰ ਅਤੇ ਖ਼ਦਸ਼ਾ ਜਤਾਇਆ ਹੈ। ਉਹ ਸਹੀ ਮਾਇਨੇ ਵਿਚ ਮੌਜੂਦਾ ਹਲਾਤਾਂ ’ਚ ਇਮਤਿਹਾਨ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਪਿ੍ਰਅੰਕਾ ਗਾਂਧੀ ਨੇ ਚਿੱਠੀ ਵਿਚ ਲਿਖਿਆ ਕਿ ਮੈਂ ਉਮੀਦ ਕਰਦੀ ਹਾਂ ਕਿ ਸਰਕਾਰ ਸਕੂਲਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲ ਕਰੇਗੀ, ਤਾਂ ਕਿ ਸਿੱਖਿਅਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਪ੍ਰਤੀ ਉਨ੍ਹਾਂ ਲਈ ਇਕ ਸੁਰੱਖਿਅਤ ਰਾਹ ਨਿਕਲ ਸਕੇ। ਦੱਸਣਯੋਗ ਹੈ ਕਿ ਸੀ. ਬੀ. ਐੱਸ. ਈ. ਬੋਰਡ ਇਮਤਿਹਾਨ 2021 ਦੇ ਨਵੇਂ ਪ੍ਰੋਗਰਾਮ ਮੁਤਾਬਕ 10ਵੀਂ ਜਮਾਤ ਦਾ ਇਮਤਿਹਾਨ 4 ਮਈ ਤੋਂ 7 ਜੂਨ ਵਿਚਾਲੇ ਹੋਣਗੇ, ਜਦਕਿ 12ਵੀਂ ਜਮਾਤ ਦੇ ਇਮਤਿਹਾਨ 4 ਮਈ ਤੋਂ 15 ਜੂਨ ਦਰਮਿਆਨ ਹੋਣਗੇ।