'ਤੁਮ ਦਿਨ ਕੋ ਕਹੋ ਰਾਤ ਤੋ ਰਾਤ, ਵਰਨਾ ਹਵਾਲਾਤ', UP ਸਰਕਾਰ ਦੀ ਡਿਜੀਟਲ ਪਾਲਿਸੀ ’ਤੇ ਪ੍ਰਿਯੰਕਾ ਦਾ ਵਿਅੰਗ
Thursday, Aug 29, 2024 - 07:36 PM (IST)
ਨਵੀਂ ਦਿੱਲੀ, (ਅਨਸ)- ਤੁਮ ਦਿਨ ਕੋ ਕਹੋ ਰਾਤ ਤੋ ਰਾਤ, ਵਰਨਾ ਹਵਾਲਾਤ। ਇਨ੍ਹਾਂ ਸ਼ਬਦਾਂ ਨਾਲ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਭਾਜਪਾ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਡਿਜੀਟਲ ਮੀਡੀਆ ਪਾਲਿਸੀ ਅਤੇ ਅਧਿਆਪਕ ਭਰਤੀ ਵਰਗੇ ਮੁੱਦੇ ’ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਆਲੋਚਨਾ ਕੀਤੀ ਹੈ। ਪ੍ਰਿਯੰਕਾ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ ਕਿ ਜੋ ਤੁਮਕੋ ਹੋ ਪਸੰਦ, ਵਹੀ ਬਾਤ ਕਹੇਂਗੇ, ਤੁਮ ਦਿਨ ਨੂੰ ਅਗਰ ਰਾਤ ਕਹੋ, ਰਾਤ ਕਹੇਂਗੇ।
ਉੱਤਰ ਪ੍ਰਦੇਸ਼ ਸਰਕਾਰ ਦੀ ਸੋਸ਼ਲ ਮੀਡੀਆ ਪਾਲਿਸੀ ਵਿਚ ਇਨਸਾਫ ਦੀ ਮੰਗ ਕਰ ਰਹੀਆਂ ਔਰਤਾਂ ਦੀਆਂ ਆਵਾਜ਼ਾਂ ਕਿਸ ਸ਼੍ਰੇਣੀ ਵਿਚ ਆਉਗੀਆਂ? 69,000 ਅਧਿਆਪਕ ਭਰਤੀ ਰਾਖਵਾਂਕਰਨ ਘਪਲੇ ਵਿਚ ਉੱਠੇ ਸਵਾਲ ਕਿਸ ਸ਼੍ਰੇਣੀ ਵਿਚ ਆਉਣਗੇ? ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਮਤਭੇਦਾਂ ’ਤੇ ਵੀ ਪ੍ਰਿਯੰਕਾ ਗਾਂਧੀ ਨੇ ਵਿਅੰਗ ਕੱਸਿਆ। ਉਨ੍ਹਾਂ ਨੇ ਐਕਸ ’ਤੇ ਲਿਖਿ ਆ ਕਿ ਭਾਜਪਾ ਨੇਤਾਵਾਂ ਅਤੇ ਵਿਧਾਇਕਾਂ ਵੱਲੋਂ ਭਾਜਪਾ ਸਰਕਾਰ ਦਾ ਪਰਦਾਫਾਸ਼ ਕਰਨਾ ਕਿਸ ਸ਼੍ਰੇਣੀ ’ਚ ਆਵੇਗਾ?
ਤੁਮ ਦਿਨ ਕੋ ਕਹੋ ਰਾਤ ਤੋ ਰਾਤ, ਵਰਨਾ ਹਵਾਲਾਤ ਨੀਤੀ ਸੱਚ ਨੂੰ ਦਬਾਉਣ ਦਾ ਇਕ ਨਵਾਂ ਤਰੀਕਾ ਹੈ। ਕੀ ਭਾਜਪਾ ਲੋਕਤੰਤਰ ਅਤੇ ਸੰਵਿਧਾਨ ਨੂੰ ਕੁਚਲਣ ਤੋਂ ਜ਼ਿਆਦਾ ਕੁਝ ਸੋਚ ਹੀ ਨਹੀਂ ਸਕਦੀ?
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨਵੀਂ ਡਿਜੀਟਲ ਮੀਡੀਆ ਨੀਤੀ ਲੈ ਕੇ ਆਈ ਹੈ। ਇਸ ਦੇ ਤਹਿਤ ਸੂਬਾ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰਾਪਤੀਆਂ ’ਤੇ ਆਧਾਰਿਤ ਕੰਟੈਂਟ ਵੀਡੀਓ, ਟਵੀਟਸ, ਪੋਸਟਾਂ, ਰੀਲਾਂ ਨੂੰ ਪ੍ਰਦਰਸ਼ਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜੇਕਰ ਤੁਹਾਨੂੰ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਚੰਗੇ ਫਾਲੋਅਰਸ ਅਤੇ ਵਿਊਜ਼ ਮਿਲਦੇ ਹਨ, ਤਾਂ ਇਸ ਰਾਹੀਂ ਘਰ ਬੈਠੇ 2 ਤੋਂ 8 ਲੱਖ ਰੁਪਏ ਕਮਾਏ ਜਾ ਸਕਦੇ ਹਨ।