ਸਕੂਲ ਨੂੰ ਈਮੇਲ ਜ਼ਰੀਏ ਮਿਲੀ ਬੰਬ ਦੀ ਧਮਕੀ

Friday, Nov 29, 2024 - 01:20 PM (IST)

ਸਕੂਲ ਨੂੰ ਈਮੇਲ ਜ਼ਰੀਏ ਮਿਲੀ ਬੰਬ ਦੀ ਧਮਕੀ

ਨਵੀਂ ਦਿੱਲੀ- ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਧਮਾਕੇ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਦਿੱਲੀ ਦੇ ਰੋਹਿਣੀ 'ਚ ਇਕ ਪ੍ਰਾਈਵੇਟ ਸਕੂਲ ਨੂੰ ਈਮੇਲ ਜ਼ਰੀਏ ਬੰਬ ਦੀ ਧਮਕੀ ਮਿਲੀ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਕੰਪਲੈਕਸ 'ਚ ਤਲਾਸ਼ੀ ਮਗਰੋਂ ਧਮਕੀ ਮਹਿਜ ਅਫ਼ਵਾਹ ਸਾਬਤ ਹੋਈ। 

ਇਕ ਅਧਿਕਾਰੀ ਮੁਤਾਬਕ ਈਮੇਲ ਜ਼ਰੀਏ ਬੰਬ ਦੀ ਧਮਕੀ ਦੇ ਸਬੰਧ ਵਿਚ ਦਿੱਲੀ ਪੁਲਸ ਵਲੋਂ ਸਵੇਰੇ 10 ਵਜ ਕੇ 57 ਮਿੰਟ 'ਤੇ ਸੂਚਨਾ ਮਿਲੀ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਫਾਇਰ ਬ੍ਰਿਗੇਡ ਸੇਵਾ (DFS) ਦੀ ਇਕ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ, ਬੰਬ ਨਿਰੋਧਕ ਦਸਤਾ, ਖੋਜੀ ਕੁੱਤਿਆਂ ਦਾ ਦਸਤਾ ਅਤੇ DFS ਦੇ ਕਰਮੀਆਂ ਨੇ ਸਕੂਲ ਦੇ ਪੂਰੇ ਕੰਪਲੈਕਸ ਦੀ ਜਾਂਚ ਕੀਤੀ। 

ਅਧਿਕਾਰੀ ਨੇ ਦੱਸਿਆ ਕਿ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਧਮਕੀ ਅਫਵਾਹ ਸਾਬਤ ਹੋਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ  ਰੋਹਿਣੀ ਵਿਚ ਵੀਰਵਾਰ ਨੂੰ ਪੀ. ਵੀ. ਆਰ. ਪ੍ਰਸ਼ਾਂਤ ਵਿਹਾਰ ਨੇੜੇ ਧਮਾਕਾ ਹੋਇਆ ਸੀ, ਜਿਸ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ।


author

Tanu

Content Editor

Related News