ਭਾਰਤ ''ਚ ਪ੍ਰਾਈਵੇਟ ਕੰਪਨੀਆਂ ਬਣਾਉਣਗੀਆਂ 1500 Km ਰੇਂਜ ਵਾਲੀਆਂ ਮਿਜ਼ਾਈਲਾਂ, ਮੋਦੀ ਸਰਕਾਰ ਦਾ ਵੱਡਾ ਫੈਸਲਾ
Wednesday, Aug 26, 2026 - 10:29 PM (IST)
ਨਵੀਂ ਦਿੱਲੀ : ਭਾਰਤ ਦੇ ਰੱਖਿਆ ਖੇਤਰ ਨੂੰ ਮਜ਼ਬੂਤ ਅਤੇ ਆਤਮਨਿਰਭਰ ਬਣਾਉਣ ਲਈ ਮੋਦੀ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮਨਜ਼ੂਰੀ ਤੋਂ ਬਾਅਦ, ਹੁਣ ਦੇਸ਼ ਦੀਆਂ ਨਿੱਜੀ (ਪ੍ਰਾਈਵੇਟ) ਕੰਪਨੀਆਂ ਰਵਾਇਤੀ ਮਿਜ਼ਾਈਲਾਂ, ਸਮਾਰਟ ਗਲਾਈਡ ਬੰਬ ਅਤੇ ਅਤਿ-ਆਧੁਨਿਕ ਏਅਰ ਡਿਫੈਂਸ ਸਿਸਟਮ ਦਾ ਵੱਡੇ ਪੱਧਰ 'ਤੇ ਉਤਪਾਦਨ ਕਰਨਗੀਆਂ। ਇਸ ਇਤਿਹਾਸਕ ਪਹਿਲ ਦੇ ਤਹਿਤ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਆਪਣੀ ਅਤਿ-ਆਧੁਨਿਕ ਮਿਜ਼ਾਈਲ ਤਕਨਾਲੋਜੀ ਨੂੰ ਨਿੱਜੀ ਕੰਪਨੀਆਂ ਨੂੰ ਟਰਾਂਸਫਰ ਕਰੇਗਾ, ਜਿਸ ਨਾਲ ਦੇਸ਼ ਵਿੱਚ ਮਿਜ਼ਾਈਲਾਂ ਦੇ ਉਤਪਾਦਨ ਵਿੱਚ ਤੇਜ਼ੀ ਆਵੇਗੀ।
ਸਰਕਾਰ ਦਾ ਮੁੱਖ ਟੀਚਾ 1,000 ਤੋਂ 1,500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ 'ਲਾਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ' ਅਤੇ 150 ਤੋਂ 500 ਕਿਲੋਮੀਟਰ ਦੀ ਰੇਂਜ ਵਾਲੀ 'ਪ੍ਰਲਯ' ਸਾਮਰਿਕ ਮਿਜ਼ਾਈਲ ਦਾ ਉਤਪਾਦਨ ਨਿੱਜੀ ਖੇਤਰ ਦੀ ਮਦਦ ਨਾਲ ਕਰਵਾਉਣਾ ਹੈ। ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ 'ਅਸਤਰਾ ਮਾਰਕ-1' ਅਤੇ 'ਮਾਰਕ-2' ਵਰਗੀਆਂ ਮਿਜ਼ਾਈਲਾਂ ਲਈ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।
ਦੇਸ਼ ਦੇ ਇਸ ਵੱਡੇ ਰੱਖਿਆ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਭਾਰਤ ਦੇ ਪ੍ਰਮੁੱਖ ਉਦਯੋਗਿਕ ਘਰਾਣੇ ਅਤੇ ਕੰਪਨੀਆਂ ਅੱਗੇ ਆ ਰਹੀਆਂ ਹਨ। ਇਸ ਦੇ ਤਹਿਤ ਹੈਦਰਾਬਾਦ ਦੀ ICOMM, ਭਾਰਤ ਫੋਰਜ, ਅਡਾਨੀ ਡਿਫੈਂਸ (ADSTL), ਭਾਰਤ ਡਾਇਨਾਮਿਕਸ ਲਿਮਟਿਡ (BDL) ਅਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ (BEL) ਵਰਗੀਆਂ ਦਿੱਗਜ ਕੰਪਨੀਆਂ ਕਈ ਘਾਤਕ ਹਥਿਆਰਾਂ ਦੇ ਨਿਰਮਾਣ ਦੀ ਕਮਾਨ ਸੰਭਾਲਣਗੀਆਂ।
ਮੋਦੀ ਸਰਕਾਰ ਅਤੇ DRDO ਦੀ ਇਸ ਸਾਂਝੇਦਾਰੀ ਦੇ ਤਹਿਤ ਕਈ ਸ਼ਕਤੀਸ਼ਾਲੀ ਹਥਿਆਰ ਤਿਆਰ ਕੀਤੇ ਜਾਣਗੇ:
ਰੁਦਰਮ-II (Rudram-II): ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਸੁਪਰਸੋਨਿਕ/ਹਾਈਪਰਸੋਨਿਕ ਮਿਸਾਈਲ, ਜਿਸਦੀ ਰੇਂਜ 300 ਕਿਲੋਮੀਟਰ ਤੱਕ ਹੈ।
ਸਮਾਰਟ ਐਂਟੀ ਏਅਰਫੀਲਡ ਵੈਪਨ (SAAW): 100 ਕਿਲੋਮੀਟਰ ਰੇਂਜ ਵਾਲਾ ਬੰਬ, ਜੋ ਦੁਸ਼ਮਣ ਦੇ ਏਅਰਬੇਸਾਂ ਨੂੰ ਤਬਾਹ ਕਰਨ ਦੇ ਸਮਰੱਥ ਹੈ।
ਨੈਕਸਟ-ਜਨਰੇਸ਼ਨ ਐਂਟੀ-ਰੇਡੀਏਸ਼ਨ ਮਿਸਾਈਲ: ਦੁਸ਼ਮਣ ਦੇ ਰਡਾਰ ਅਤੇ ਸੰਚਾਰ ਨੈੱਟਵਰਕ ਨੂੰ ਨਸ਼ਟ ਕਰਨ ਵਾਲੀ 100 ਤੋਂ 300 ਕਿਲੋਮੀਟਰ ਰੇਂਜ ਦੀ ਮਿਜ਼ਾਈਲ।
ਕੁਇੱਕ ਰਿਐਕਸ਼ਨ ਸਰਫੇਸ-ਟੂ-ਏਅਰ ਮਿਸਾਈਲ: 25-30 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਮਿਜ਼ਾਈਲ, ਜੋ 10 ਕਿਲੋਮੀਟਰ ਦੀ ਉਚਾਈ 'ਤੇ ਇਕੋ ਸਮੇਂ 6 ਨਿਸ਼ਾਨਿਆਂ ਨੂੰ ਢੇਰ ਕਰ ਸਕਦੀ ਹੈ।
ਡਰੋਨ ਅਤੇ ਸਮੁੰਦਰੀ ਮਿਜ਼ਾਈਲਾਂ: ਡਰੋਨ ਰਾਹੀਂ ਦਾਗੀ ਜਾਣ ਵਾਲੀ ਯੂ.ਐੱਲ.ਪੀ.ਜੀ.ਐੱਮ. (ULPGM) ਮਿਜ਼ਾਈਲ ਅਤੇ ਹੈਲੀਕਾਪਟਰ ਜਾਂ ਜਹਾਜ਼ਾਂ ਤੋਂ ਲਾਂਚ ਹੋਣ ਵਾਲੀਆਂ ਐਂਟੀ-ਸ਼ਿਪ ਮਿਜ਼ਾਈਲਾਂ।
ਮਿਜ਼ਾਈਲ ਪ੍ਰਣਾਲੀ ਵਿੱਚ ਵਰਤੇ ਜਾਣ ਵਾਲੇ ਲਗਭਗ 50 ਸਬ-ਸਿਸਟਮ ਪਹਿਲਾਂ ਹੀ ਦੇਸ਼ ਦੇ ਪ੍ਰਾਈਵੇਟ ਸੈਕਟਰ ਦੁਆਰਾ ਸਪਲਾਈ ਕੀਤੇ ਜਾ ਰਹੇ ਹਨ। ਮਾਹਿਰਾਂ ਅਨੁਸਾਰ, ਰਵਾਇਤੀ ਮਿਜ਼ਾਈਲ ਖੇਤਰ ਨੂੰ ਨਿੱਜੀ ਉਦਯੋਗਾਂ ਲਈ ਖੋਲ੍ਹਣਾ ਭਵਿੱਖ ਵਿੱਚ ਰਣਨੀਤਕ ਮਿਜ਼ਾਈਲਾਂ ਦੇ ਨਿਰਮਾਣ ਦੀ ਦਿਸ਼ਾ ਵੱਲ ਇੱਕ ਬੇਹੱਦ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਫੌਜਾਂ ਨੂੰ ਹਥਿਆਰਾਂ ਦੀ ਸਮੇਂ ਸਿਰ ਡਿਲੀਵਰੀ ਯਕੀਨੀ ਹੋਵੇਗੀ ਅਤੇ ਦੇਸ਼ ਦੇ ਰੱਖਿਆ ਉਦਯੋਗ ਦਾ ਤੇਜ਼ੀ ਨਾਲ ਵਿਸਤਾਰ ਹੋਵੇਗਾ।
