ਪੀ.ਐੱਮ. ਮੋਦੀ ਦਾ ਵਿਰੋਧੀਆਂ ''ਤੇ ਵਾਰ, ਬੋਲੇ- ''ਹਾਲੇ ਤਾਂ ਟਰੇਲਰ ਹੈ, ਪੂਰੀ ਫਿਲਮ ਬਾਕੀ ਹੈ''

09/12/2019 2:59:28 PM

ਰਾਂਚੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਝਾਰਖੰਡ ਦੇ ਰਾਂਚੀ 'ਚ ਕਈ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਪੀ.ਐੱਮ. ਦੇ ਇਸ ਦੌਰੇ ਨੂੰ ਝਾਰਖੰਡ 'ਚ ਭਾਜਪਾ ਦੇ ਚੋਣਾਵੀ ਮੁਹਿੰਮ ਦੀ ਸ਼ੁਰੂਆਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੀ.ਐੱਮ. ਨੇ ਹਜ਼ਾਰਾਂ ਰੁਪਏ ਦੀ ਯੋਜਨਾ ਸ਼ੁਰੂ ਕਰਨ ਤੋਂ ਬਾਅਦ ਜਦੋਂ ਜਨਤਾ ਨੂੰ ਸੰਬੋਧਨ ਕੀਤਾ ਤਾਂ ਉਹ ਪੂਰੀ ਤਰ੍ਹਾਂ ਨਾਲ ਚੋਣਾਵੀ ਮੂਡ 'ਚ ਦਿੱਸੇ। ਪੀ.ਐੱਮ. ਨੇ ਕਿਹਾ ਕਿ 100 ਦਿਨਾਂ 'ਚ ਉਨ੍ਹਾਂ ਦੀ ਸਰਕਾਰ ਦੇ ਕੰਮ ਦਾ ਟਰੇਲਰ ਦਿੱਸਿਆ ਹੈ ਅਤੇ ਪੂਰੀ ਫਿਲਮ ਬਾਕੀ ਹੈ। ਇੱਥੇ ਪੀ.ਐੱਮ. ਨੇ ਇਕ-ਇਕ ਕਰ ਕੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ ਅਤੇ ਆਪਣੀ ਸਰਕਾਰ ਦੇ 100 ਦਿਨ ਦੇ ਕਾਰਜਕਾਲ ਦੀ ਉਪਲੱਬਧੀ ਗਿਣਾਈ। ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ 'ਤੇ ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਕਾਰਵਾਈ ਹੋਈ ਤਾਂ ਕਾਂਗਰਸ ਨੇ ਭਾਜਪਾ ਸਰਕਾਰ 'ਤੇ ਬਦਲੇ ਦੀ ਰਾਜਨੀਤੀ ਦਾ ਦੋਸ਼ ਲਗਾਇਆ। ਅੱਜ ਪੀ.ਐੱਮ. ਮੋਦੀ ਨੇ ਪਹਿਲੀ ਵਾਰ ਇਸ 'ਤੇ ਚੁੱਪੀ ਤੋੜੀ ਅਤੇ ਕਿਹਾ ਕਿ ਜੋ ਲੋਕ ਕਦੇ ਖੁਦ ਨੂੰ ਕਾਨੂੰਨ ਅਤੇ ਅਦਾਲਤਾਂ ਤੋਂ ਉੱਪਰ ਸਮਝਦੇ ਸਨ, ਅੱਜ ਉਹ ਜਨਤਾ ਲਈ ਚੱਕਰ ਕੱਟ ਰਹੇ ਹਨ। ਮੋਦੀ ਨੇ ਕਿਹਾ ਕਿ ਜਿਨ੍ਹਾਂ ਜਨਤਾ ਨੂੰ ਲੁੱਟਿਆ ਹੈ, ਉਹ ਉਸੇ ਜਗ੍ਹਾ ਪਹੁੰਚਣਗੇ, ਜਿੱਥੇ ਉਨ੍ਹਾਂ ਨੂੰ ਹੋਣਾ ਚਾਹੀਦਾ ਅਤੇ ਕੁਝ ਲੋਕ ਤਾਂ ਪਹੁੰਚ ਵੀ ਗਏ ਹਨ।

ਦੇਸ਼ ਨੇ ਟਰੇਲਰ ਦੇਖਿਆ ਹੈ, ਹਾਲੇ ਪੂਰੀ ਫਿਲਮ ਬਾਕੀ ਹੈ
ਰਾਂਚੀ ਦੀ ਰੈਲੀ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾਂ ਦੇ ਸਮੇਂ ਮੈਂ ਤੁਹਾਨੂੰ ਕੰਮ ਕਰਨ ਵਾਲੀ ਅਤੇ ਦਮਦਾਰ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ, ਬੀਤੇ 100 ਦਿਨਾਂ 'ਚ ਦੇਸ਼ ਨੇ ਟਰੇਲਰ ਦੇਖਿਆ ਹੈ ਅਤੇ ਹਾਲੇ ਪੂਰੀ ਫਿਲਮ ਬਾਕੀ ਹੈ। ਪੀ.ਐੱਮ. ਨੇ ਇਸ ਦੌਰਾਨ ਤਿੰਨ ਤਲਾਕ ਬਿੱਲ, ਧਾਰਾ-370, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਮੁੜ ਗਠਨ ਦੇ ਨਾਲ-ਨਾਲ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ 100 ਦਿਨਾਂ ਦਾ ਰਿਪੋਰਟ ਕਾਰਡ ਵੀ ਦਿੱਤਾ। ਇਸੇ ਦੇ ਨਾਲ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਗਲੇ ਕਾਰਜਕਾਲ ਲਈ ਵੀ ਰਾਜ ਦੀ ਭਾਜਪਾ ਸਰਕਾਰ ਦਾ ਸਾਥ ਦੇਣ ਦੀ ਅਪੀਲ ਕਰ ਦਿੱਤੀ ਅਤੇ ਕਿਹਾ ਕਿ ਹੁਣ ਉਹ ਨਵੇਂ ਝਾਰਖੰਡ ਲਈ, ਨਵੇਂ ਭਾਰਤ ਲਈ ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਹੈ। ਅਗਲੇ 5 ਸਾਲ ਲਈ ਝਾਰਖੰਡ ਫਿਰ ਵਿਕਾਸ ਦਾ ਡਬਲ ਇੰਜਣ ਲਗਾਏਗਾ, ਇਸੇ ਵਿਸ਼ਵਾਸ ਦੇ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਹਾਂ।

ਇਨ੍ਹਾਂ ਰਾਜਾਂ 'ਚ ਹੋਣੀਆਂ ਹਨ ਵਿਧਾਨ ਸਭਾ ਚੋਣਾਂ
ਜ਼ਿਕਰਯੋਗ ਹੈ ਕਿ ਝਾਰਖੰਡ ਦੇ ਨਾਲ-ਨਾਲ ਇਸ ਵਾਰ ਮਹਾਰਾਸ਼ਟਰ ਅਤੇ ਹਰਿਆਣਾ 'ਚ ਵੀ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਜਲਦ ਹੀ ਤਾਰੀਕਾਂ ਦਾ ਵੀ ਐਲਾਨ ਕਰ ਸਕਦਾ ਹੈ। ਝਾਰਖੰਡ 'ਚ ਭਾਜਪਾ ਨੇ ਵਿਧਾਨ ਸਭਾ ਚੋਣਾਂ 'ਚ 65 ਤੋਂ ਵਧ ਸੀਟਾਂ ਜਿੱਤਣ ਦਾ ਟਾਰਗੇਟ ਰੱਖਿਆ ਹੈ, ਜਦੋਂ ਕਿ ਭਾਜਪਾ ਨੇ 2014 ਦੀਆਂ ਵਿਧਾਨ ਸਭਾ ਚੋਣਾਂ 'ਚ 37 ਸੀਟਾਂ ਹੀ ਜਿੱਤੀਆਂ ਸਨ। ਭਾਜਪਾ ਦੇ ਸਹਿਯੋਗੀ ਆਜਸੂ ਨੂੰ 5 ਸੀਟਾਂ ਮਿਲੀਆਂ ਸਨ।


DIsha

Content Editor

Related News