ਆਫ ਦਿ ਰਿਕਾਰਡ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਾਪਤੀ
Sunday, Feb 19, 2023 - 10:14 AM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਨਹਿਰੇ ਸ਼ਬਦ ‘ਆਫਤ ’ਚ ਮੌਕੇ’ ਯਾਦ ਰੱਖੋ। ਉਨ੍ਹਾਂ ਦਾ ਧੀਰਜ ਪਹਿਲੀ ਵਾਰ 27 ਅਕਤੂਬਰ, 2013 ਨੂੰ ਵੇਖਿਆ ਗਿਆ ਸੀ, ਜਦੋਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ’ਚ ਇਕ ਵਿਸ਼ਾਲ ਰੈਲੀ ਦੌਰਾਨ ਪਟਨਾ ਸ਼ਹਿਰ ’ਚ ਬੰਬ ਧਮਾਕੇ ਹੋਏ ਸਨ। ਗੁਜਰਾਤ ਦਾ ਭੂਚਾਲ ਪ੍ਰਭਾਵਿਤ ਇਲਾਕਾ ਹੋਵੇ ਜਾਂ ਪੁਲਵਾਮਾ ’ਚ ਸੀ. ਆਰ. ਪੀ. ਐੱਫ. ਜਵਾਨਾਂ ਦੀ ਸ਼ਹਾਦਤ, ਹਰ ਸੰਕਟ ਤੋਂ ਬਾਅਦ ਉਹ ਹੋਰ ਮਜ਼ਬੂਤ ਹੋ ਕੇ ਉਭਰੇ। ਹੁਣ ਮੋਦੀ ਰੂਸ-ਯੂਕ੍ਰੇਨ ਜੰਗ ’ਚ ਸ਼ਾਂਤੀ ਸਮਝੌਤੇ ’ਚ ਵਿਚੋਲਗੀ ਕਰ ਕੇ ਕੌਮਾਂਤਰੀ ਖੇਤਰ ’ਚ ਆਪਣੇ ਲਈ ਇਕ ਭੂਮਿਕਾ ਵੇਖਦੇ ਹਨ।
ਇਹ ਭਾਰਤ ਲਈ ਇਕ ਪ੍ਰਾਪਤੀ ਹੈ ਕਿ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਦੋ ਬੈਠਕਾਂ ਕੀਤੀਆਂ। ਡੋਵਾਲ ਨੂੰ ਅਫਗਾਨਿਸਤਾਨ ਮੁੱਦੇ ’ਤੇ ਖੇਤਰੀ ਗੱਲਬਾਤ ਤਹਿਤ ਸੱਤ ਦੇਸ਼ਾਂ ਦੇ ਐੱਨ. ਐੱਸ. ਏ. ਦੀ ਬੈਠਕ ’ਚ ਪੁਤਿਨ ਨੂੰ ਨਹੀਂ ਮਿਲਣਾ ਸੀ ਪਰ ਹੈਰਾਨੀ ਉਦੋਂ ਹੋਈ ਜਦੋਂ ਪੁਤਿਨ ਨੇ ਡੋਭਾਲ ਨੂੰ ਆਹਮੋ-ਸਾਹਮਣੇ ਦੀ ਮੁਲਾਕਾਤ ਲਈ ਸੱਦਾ ਦਿੱਤਾ, ਜੋ ਲਗਭਗ ਇਕ ਘੰਟੇ ਤੱਕ ਚੱਲੀ, ਜੋ ਇਕ ਅਨੋਖੀ ਪ੍ਰਾਪਤੀ ਸੀ।
ਇੱਥੋਂ ਤੱਕ ਕਿ ਵ੍ਹਾਈਟ ਹਾਊਸ ਨੇ ਵੀ ਕਿਹਾ ਕਿ ਅਮਰੀਕਾ ਕਿਸੇ ਵੀ ਅਜਿਹੀ ਕੋਸ਼ਿਸ਼ ਦਾ ਸਵਾਗਤ ਕਰੇਗਾ, ਜੋ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦੇ ਹੋਏ ਦੁਸ਼ਮਣੀ ਨੂੰ ਖ਼ਤਮ ਕਰ ਸਕੇ। ਪ੍ਰਧਾਨ ਮੰਤਰੀ ਨੇ ਕਈ ਮੌਕਿਆਂ ’ਤੇ ਰੂਸ ਅਤੇ ਯੂਕ੍ਰੇਨ ਦੇ ਰਾਸ਼ਟਰਪਤੀਆਂ ਨਾਲ ਗੱਲ ਕੀਤੀ ਹੈ ਅਤੇ 16 ਸਤੰਬਰ ਨੂੰ ਉਜਬੇਕਿਸਤਾਨ ’ਚ ਪੁਤਿਨ ਨਾਲ ਦੋ-ਪੱਖੀ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਕਿਹਾ ਕਿ ‘ਅੱਜ ਦਾ ਯੁੱਗ ਜੰਗ ਦਾ ਨਹੀਂ ਹੈ’। ਮੋਦੀ ਨੇ ਪੁਤਿਨ ਨੂੰ ਜੰਗ ਖਤਮ ਕਰਨ ਲਈ ਕਿਹਾ।
ਇਹ ਵੀ ਧਿਆਨ ਦੇਣ ਯੋਗ ਹੈ ਕਿ ਭਾਰਤ ਨੇ ਅਜੇ ਤੱਕ ਯੂਕ੍ਰੇਨ ’ਤੇ ਰੂਸੀ ਹਮਲੇ ਦੀ ਆਲੋਚਨਾ ਨਹੀਂ ਕੀਤੀ ਹੈ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨਾਲ ਲਗਾਤਾਰ ਸੰਪਰਕ ’ਚ ਰਿਹਾ ਹੈ। ਇਹ ਪ੍ਰਧਾਨ ਮੰਤਰੀ ਮੋਦੀ ਹੀ ਸਨ, ਜਿਨ੍ਹਾਂ ਨੇ ਜੰਗ ਪ੍ਰਭਾਵਿਤ ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਰਸਤੇ ਦੀ ਆਗਿਆ ਦੇਣ ਲਈ ਰੂਸ ਅਤੇ ਯੂਕ੍ਰੇਨ ਨੂੰ ਜੰਗਬੰਦੀ ਦਾ ਐਲਾਨ ਕਰਨ ਲਈ ਰਾਜ਼ੀ ਕੀਤਾ। ਯਕੀਨੀ ਤੌਰ ’ਤੇ ਜੇਕਰ ਸੰਭਵ ਹੋਵੇ ਤਾਂ, ਅਮਰੀਕਾ ਪ੍ਰਧਾਨ ਮੰਤਰੀ ਮੋਦੀ ਨੂੰ ਸ਼ਾਂਤੀ ਸਮਝੌਤਾ ਕਰਨ ਲਈ ਮਨਾ ਸਕਦਾ ਹੈ। ਕਿਹੋ ਜਿਹਾ ਸੰਜੋਗ ਹੈ? ਇਹ ਉਹੀ ਅਮਰੀਕਾ ਹੈ, ਜਿਸ ਨੇ ਮੋਦੀ ਨੂੰ ਵੀਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ, ਹੁਣ ਉਨ੍ਹਾਂ ਨੂੰ ਸ਼ਾਂਤੀ ਦਾ ਵਿਚੋਲਾ ਬਣਾਉਣਾ ਚਾਹੁੰਦਾ ਹੈ। ਕੀ ਮੋਦੀ ਸ਼ਾਂਤੀ ਦੇ ਨੋਬੇਲ ਇਨਾਮ ਲਈ ਲਾਈਨ ’ਚ ਹਨ!