ਜੀ. ਐਸ. ਟੀ. 'ਤੇ ਪ੍ਰਧਾਨ ਮੰਤਰੀ ਮੋਦੀ ਦਾ 'ਮਹਾਮੰਤਰ'
Saturday, Jul 01, 2017 - 10:07 PM (IST)

ਨਵੀਂ ਦਿੱਲੀ— ਦੇਸ਼ ਭਰ 'ਚ ਜੀ. ਐਸ. ਟੀ. ਲਾਗੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਇਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੀ. ਐਸ. ਟੀ. ਯਾਨੀ ਗੁਡਸ ਐਂਡ ਸਿੰਪਲ ਟੈਕਸ ਦੀ ਸ਼ੁਰੂਆਤ ਹੋਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਈ. ਸੀ. ਏ. ਦੇ ਸਥਾਪਨਾ ਦਿਵਸ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਵਿੱਤ ਮੰਤਰੀ ਅਰੁਣ ਜੇਟਲੀ ਸਮੇਤ ਕਈ ਨੇਤਾ ਮੌਜੂਦ ਹਨ। ਜਿਵੇਂ ਡਾਕਟਰ ਸਮਾਜ ਦੇ ਹੋਰ ਵਿਅਕਤੀ ਦੀ ਸਿਹਤ ਦੀ ਚਿੰਤਾ ਕਰਦੇ ਹਨ ਉਵੇਂ ਹੀ ਸੀ. ਏ. 'ਤੇ ਸਮਾਜ ਦੇ ਆਰਥਿਕ ਸਿਹਤ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਦੌਰਾਨ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ 'ਚ ਪ੍ਰੋਗਰਾਮ ਦੌਰਾਨ ਮੋਦੀ-ਮੋਦੀ ਦੇ ਨਾਅਰੇ ਵੀ ਗੂੰਜੇ। ਅੱਜ ਆਈ. ਸੀ. ਏ. ਆਈ. ਸਥਾਪਨਾ ਦਿਵਸ ਹੈ ਅਤੇ ਸੰਯੋਗ ਹੈ ਕਿ ਅੱਜ ਤੋਂ ਹੀ ਭਾਰਤ 'ਚ ਜੀ. ਐਸ. ਟੀ. ਦੀ ਸ਼ੁਰੂਆਤ ਵੀ ਹੋਈ ਹੈ।
ਇਕ ਲੱਖ ਕੰਪਨੀਆਂ 'ਤੇ ਲੱਗਾ ਤਾਲਾ, 3 ਲੱਖ ਸ਼ੱਕ ਦੇ ਘੇਰੇ 'ਚ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਹੀ-ਖਾਤਿਆਂ 'ਚ ਹੇਰਾਫੇਰੀ ਕਰਨ ਵਾਲੀਆਂ ਕੰਪਨੀਆਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਅੱਜ ਦੱਸਿਆ ਕਿ ਨੋਟਬੰਦੀ ਦੌਰਾਨ ਲੈਣ-ਦੇਣ ਵਿਚ ਤਰੁਟੀਆਂ ਪਾਏ ਜਾਣ ਮਗਰੋਂ ਸਰਕਾਰ ਨੇ ਇਕ ਲੱਖ ਤੋਂ ਵੱਧ ਕੰਪਨੀਆਂ ਦੀ ਰਜਿਸਟਰੇਸ਼ਨ ਦੋ ਦਿਨ ਪਹਿਲਾਂ ਹੀ ਰੱਦ ਕੀਤੀ ਹੈ। ਮੋਦੀ ਨੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਦੀ 68ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਥੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੋਟਬੰਦੀ ਮਗਰੋਂ ਸਰਕਾਰ ਨੇ ਵੱਡੇ ਪੱਧਰ 'ਤੇ ਡਾਟਾ ਮਾਈਨਿੰਗ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਤੱਕ 3 ਲੱਖ ਤੋਂ ਵੱਧ ਅਜਿਹੀਆਂ ਕੰਪਨੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦਾ ਲੈਣ-ਦੇਣ ਸ਼ੱਕ ਦੇ ਘੇਰੇ ਵਿਚ ਹੈ। ਉਨ੍ਹਾਂ ਕਿਹਾ ਕਿ 48 ਘੰਟੇ ਪਹਿਲਾਂ ਹੀ ਇਕ ਲੱਖ ਕੰਪਨੀਆਂ ਦੀ ਰਜਿਸਟਰਾਰ ਆਫ ਕੰਪਨੀਜ਼ ਵਿਚ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ।
ਚਾਰਟਰਡ ਅਕਾਊਂਟੈਂਸੀ (ਸੀ. ਏ.) ਦੇ ਨਵੇਂ ਸਿਲੇਬਸ ਦੀ ਘੁੰਢ ਚੁਕਾਈ ਕਰਨ ਮਗਰੋਂ ਆਪਣੇ ਸੰਬੋਧਨ ਵਿਚ ਸ਼੍ਰੀ ਮੋਦੀ ਨੇ ਕਿਹਾ ਕਿ ਇਸਦੇ ਇਲਾਵਾ 37 ਲੱਖ ਤੋਂ ਵੱਧ ਮਖੌਟਾ ਕੰਪਨੀਆਂ ਦੀ ਪਛਾਣ ਕੀਤੀ ਗਈ ਹੈ। ਇਸ ਦੌਰਾਨ ਮੋਦੀ ਨੇ ਸੀ. ਏ. ਨੂੰ ਕਿਹਾ ਕਿ ਮੇਰੀ ਅਤੇ ਤੁਹਾਡੀ ਦੇਸ਼ ਭਗਤੀ ਵਿਚ ਕੋਈ ਫਰਕ ਨਹੀਂ। ਉਨ੍ਹਾਂ ਕਿਹਾ ਕਿ ਜਨਤਾ ਦੇਸ਼ ਨੂੰ ਸੰਕਟ ਵਿਚੋਂ ਕੱਢ ਦਿੰਦੀ ਹੈ ਪਰ ਜੇਕਰ ਉਸ ਦੇਸ਼ ਵਿਚ ਕੁਝ ਲੋਕਾਂ ਨੂੰ ਚੋਰੀ ਕਰਨ ਦੀ ਆਦਤ ਪੈ ਜਾਵੇ ਤਾਂ ਉਹ ਦੇਸ਼ ਕਦੇ ਨਹੀਂ ਉਠ ਸਕਦਾ। ਸਾਰੇ ਸੁਪਨੇ ਟੁੱਟ ਜਾਂਦੇ ਹਨ ਅਤੇ ਵਿਕਾਸ ਰੁਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀਆਂ ਵਲੋਂ ਜਮ੍ਹਾ ਰਕਮਾਂ ਹੁਣ ਤੱਕ ਦੇ ਰਿਕਾਰਡ ਵਿਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ।