PM ਮੋਦੀ ਦੀ ਜਾਪਾਨ ਦੇ ਪੀ.ਐੱਮ. ਨਾਲ ਫੋਨ ''ਤੇ ਗੱਲਬਾਤ, ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ
Thursday, Sep 10, 2020 - 08:00 PM (IST)
ਨਵੀਂ ਦਿੱਲੀ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪੀ.ਐੱਮ. ਸ਼ਿੰਜੋ ਆਬੇ ਨੇ ਵੀਰਵਾਰ ਨੂੰ ਟੈਲੀਫਨ 'ਤੇ ਲੰਮੀ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਨਾਂ ਨੇਤਾਵਾਂ ਵਿਚਾਲੇ ਕਈ ਮੁੱਦਿਆਂ 'ਤੇ ਗੱਲਬਾਤ ਹੋਈ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਗੱਲਬਾਤ 'ਚ ਦੋਨਾਂ ਨੇਤਾਵਾਂ ਨੇ ਦੋਨਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜਬੂਤ ਕਰਨ 'ਚ ਉਨ੍ਹਾਂ ਦੀ ਵਿਅਕਤੀਗਤ ਵਚਨਬੱਧਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਸ਼ਿੰਜੋ ਆਬੇ ਪ੍ਰਧਾਨ ਮੰਤਰੀ ਦਾ ਅਹੁਦਾ ਸਿਹਤ ਕਾਰਨਾਂ ਕਾਰਨ ਛੱਡ ਰਹੇ ਹਨ ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ ਵਾਲੇ ਆਬੇ ਨੇ ਪਿਛਲੇ ਮਹੀਨੇ ਸਿਹਤ ਕਾਰਨਾਂ ਕਾਰਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ, ਦੋਨਾਂ ਨੇਤਾਵਾਂ ਨੇ ਵਿਸ਼ਵਾਸ ਜਤਾਇਆ ਕਿ ਪਿਛਲੇ ਕੁੱਝ ਸਾਲਾਂ 'ਚ ਦੋਨਾਂ ਦੇਸ਼ਾਂ ਵਿਚਾਲੇ ਦੀ ਸਾਂਝੇਦਾਰੀ ਨੂੰ ਜੋ ਮਜ਼ਬੂਤ ਰਫ਼ਤਾਰ ਮਿਲੀ ਹੈ, ਉਹ ਭਵਿੱਖ 'ਚ ਵੀ ਬਿਨਾਂ ਰੁਕਾਵਟ ਜਾਰੀ ਰਹੇਗੀ। ਦੋਨਾਂ ਨੇਤਾਵਾਂ ਨੇ ਭਾਰਤੀ ਹਥਿਆਰਬੰਦ ਬਲਾਂ ਅਤੇ ਜਾਪਾਨੀ ਸਵੈ-ਰੱਖਿਆ ਬਲਾਂ ਵਿਚਾਲੇ ਸਪਲਾਈ ਅਤੇ ਸੇਵਾਵਾਂ ਦੇ ਲੈਣ-ਦੇਣ ਸਬੰਧੀ ਸਮਝੌਤੇ 'ਤੇ ਹੋਏ ਦਸਤਖ਼ਤ ਦਾ ਵੀ ਸਵਾਗਤ ਕੀਤਾ। ਉਨ੍ਹਾਂ ਨੇ ਸਹਿਮਤੀ ਜਤਾਈ ਕਿ ਇਹ ਸਮਝੌਤਾ ਦੋਨਾਂ ਦੇਸ਼ਾਂ ਦੇ ਰੱਖਿਆ ਸਹਿਯੋਗ ਨੂੰ ਅਤੇ ਮਜ਼ਬੂਤ ਕਰੇਗਾ ਅਤੇ ਹਿੰਦ ਮਹਾਸਾਗਰ ਖੇਤਰ 'ਚ ਸ਼ਾਂਤੀ ਅਤੇ ਸੁਰੱਖਿਆ 'ਚ ਯੋਗਦਾਨ ਪਾਵੇਗਾ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਾਸਕੋ 'ਚ ਵੀਰਵਾਰ ਨੂੰ ਆਪਣੇ ਰੂਸੀ ਹਮਰੂਤਬਾ ਸਰਗੇਈ ਲਾਵਰੋਵ ਨਾਲ ਬੈਠਕ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਬੈਠਕ ਦੌਰਾਨ ਦੋਨਾਂ ਨੇਤਾਵਾਂ ਵਿਚਾਲੇ ਦੁਵੱਲੀ ਮਾਮਲਿਆਂ, ਖੇਤਰੀ ਵਿਕਾਸ ਬਾਰੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਹੋਈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰ ਕਿਹਾ ਕਿ ਸਰਗੇਈ ਲਾਵਰੋਵ ਨਾਲ ਬੈਠਕ 'ਚ ਹੋਈ ਗੱਲਬਾਤ ਸਾਡੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਨੂੰ ਦਰਸਾਉਦੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਸਾਮੂਹਕ ਤਸਵੀਰ ਵੀ ਪੋਸਟ ਕੀਤੀ।