ਸਿਰਫ ਇਕ ਕਲਿੱਕ ''ਤੇ ਜਾਣੋ ਦੇਸ਼ ਦੇ ਹਰ ਪ੍ਰਧਾਨ ਮੰਤਰੀ ਦਾ ਇਤਿਹਾਸ

Thursday, Sep 13, 2018 - 05:16 PM (IST)

ਨਵੀਂ ਦਿੱਲੀ (ਏਜੰਸੀ)— ਦੇਸ਼ ਦੇ ਪ੍ਰਧਾਨ ਮੰਤਰੀਆਂ ਨਾਲ ਸਬੰਧਤ ਹਰ ਜਾਣਕਾਰੀ, ਉਨ੍ਹਾਂ ਦੇ ਭਾਸ਼ਣ, ਯਾਦਾਂ, ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਕੰਮ, ਉਨ੍ਹਾਂ ਦੀਆਂ ਨੀਤੀਆਂ, ਸਫਲਤਾ ਅਤੇ ਗਲਤੀਆਂ ਅਤੇ ਉਹ ਸਭ ਕੁਝ ਜੋ ਤੁਸੀਂ ਜਾਣਨਾ ਚਾਹੁੰਦੇ ਹੋ ਹੁਣ ਉਹ ਸਿਰਫ ਇਕ ਕਲਿੱਕ 'ਤੇ ਤੁਹਾਡੇ ਸਾਹਮਣੇ ਹੋਵੇਗਾ। ਨਵੀਂ ਦਿੱਲੀ ਸਥਿਤ ਨਹਿਰੂ ਸਮਾਰਕ ਮਿਊਜ਼ੀਅਮ ਅਤੇ ਲਾਇਬ੍ਰੇਰੀ (ਐੱਨ.ਐੱਮ.ਐੱਮ.ਐੱਲ.) ਦੇ ਨਿਦੇਸ਼ਕ ਸ਼ਕਤੀ ਸਿਨਹਾ ਮੁਤਾਬਕ ਕੇਂਦਰ ਸਰਕਾਰ ਵੱਲੋਂ ਨਹਿਰੂ ਸਮਾਰਕ ਵਿਚ ਸਾਰੇ ਪ੍ਰਧਾਨ ਮੰਤਰੀਆਂ 'ਤੇ ਆਧਾਰਿਤ ਮਿਊਜ਼ੀਅਮ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇੱਥੇ ਆਜ਼ਾਦੀ ਤੋਂ ਹੁਣ ਤੱਕ ਅਤੇ ਭਵਿੱਖ ਦੇ ਪ੍ਰਧਾਨ ਮੰਤਰੀਆਂ ਦੇ ਵੇਰਵੇ ਡਿਜੀਟਲ ਤੌਰ 'ਤੇ ਸਾਂਭੇ ਜਾਣਗੇ।

ਦੇਸ਼-ਵਿਦੇਸ਼ ਤੋਂ ਆਉਂਦੇ ਹਨ ਖੋਜਕਰਤਾ ਤੇ ਸੈਲਾਨੀ
ਸ਼ਕਤੀ ਦੱਸਦੇ ਹਨ ਕਿ ਇਸ ਡਿਜ਼ੀਟਲ ਮਿਊਜ਼ੀਅਮ ਦੀ ਖਾਸੀਅਤ ਇਹ ਹੈ ਕਿ ਇੱਥੇ ਤੁਸੀਂ ਖੁਦ ਤੈਅ ਕਰੋਗੇ ਕਿ ਤੁਹਾਨੂੰ ਕਿਸ ਦੇ ਬਾਰੇ ਵਿਚ ਜਾਨਣਾ-ਦੇਖਣਾ-ਸੁਣਨਾ ਹੈ। ਕਿਸ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਦੇਖਣੀਆਂ ਹਨ। ਕਿਸ ਦੇ ਭਾਸ਼ਣ ਸੁਣਨੇ ਹਨ। ਕਿਸ ਦੇ ਪੱਤਰ ਪੜ੍ਹਨੇ ਹਨ। ਇਸ ਵਿਚ ਤੁਹਾਨੂੰ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਦਾ ਤੁਲਨਾਤਮਕ ਵੇਰਵਾ ਵੀ ਮਿਲੇਗਾ। ਖਾਸ ਗੱਲ ਇਹ ਕਿ ਖੋਜਕਰਤਾ ਨੇ ਜੇ ਕਿਸੇ ਮੁੱਦੇ 'ਤੇ ਜਾਂ ਪ੍ਰਧਾਨ ਮੰਤਰੀ 'ਤੇ ਸ਼ੋਧ ਕਰਨੀ ਹੈ ਤਾਂ ਉਸ ਨੂੰ ਆਸਾਨੀ ਨਾਲ ਇਕ ਹੀ ਜਗ੍ਹਾ 'ਤੇ ਸਾਰੀ ਜਾਣਕਾਰੀ ਹਾਸਲ ਹੋ ਜਾਵੇਗੀ। 

ਇੱਥੇ ਸਿਰਫ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਭਰ ਦੇ ਦੇਸ਼ਾਂ ਦੇ ਖੋਜ ਕਰਤਾ ਆਉਂਦੇ ਹਨ। ਸ਼ਕਤੀ ਮੁਤਾਬਕ ਅਸੀਂ ਇਕ ਹੀ ਸਮੇਂ ਵਿਚ ਇਕ ਹੀ ਵਿਅਕਤੀ ਨੂੰ ਦਸਤਾਵੇਜ਼ ਜਾਂ ਜਾਣਕਾਰੀ ਉਪਲਬਧ ਕਰਵਾ ਸਕਦੇ ਹਾਂ ਪਰ ਡਿਜੀਟਾਈਜੇਸ਼ਨ ਦੇ ਬਾਅਦ ਇਹ ਸਮੱਸਿਆ ਖਤਮ ਹੋ ਜਾਵੇਗੀ। ਦਸਤਾਵੇਜ਼ ਸੁਰੱਖਿਅਤ ਵੀ ਰਹਿ ਸਕਣਗੇ। ਵਕੀਲ ਸ਼ਕਤੀ ਮੁਤਾਬਕ,''ਅਸੀਂ ਕੁਝ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਨਰਸਿਮਹਾ ਰਾਵ 'ਤੇ ਇਕ ਡਿਜ਼ੀਟਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਸੀ, ਜੋ ਬਹੁਤ ਸਫਲ ਰਹੀ। ਇਸ ਵਿਚ ਬਹੁਤ ਸਾਰੇ ਸੈਲਾਨੀ ਆਏ ਸਨ।'' 

ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਜਾਣਕਾਰੀਆਂ
ਸ਼ਕਤੀ ਨੇ ਦੱਸਿਆ ਅਸੀਂ ਸਭ ਤੋਂ ਪਹਿਲਾਂ ਨਹਿਰੂ ਨਾਲ ਜੁੜੀਆਂ ਯਾਦਾਂ ਨੂੰ ਖੋਜ ਰਹੇ ਹਾਂ। ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਤੋਂ, ਉਨ੍ਹਾਂ ਨੂੰ ਜਾਣਨ-ਸਮਝਣ ਵਾਲੇ ਲੋਕਾਂ ਤੋਂ, ਜਿੱਥੇ ਕਿਤੇ ਵੀ ਪੂਰੇ ਦੇਸ਼ ਵਿਚ ਉਨ੍ਹਾਂ ਨਾਲ ਸਬੰਧਤ ਯਾਦਾਂ ਹਨ ਉਨ੍ਹਾਂ ਨੂੰ ਇਕੱਠਿਆਂ ਕੀਤਾ ਜਾ ਰਿਹਾ ਹੈ। ਨਹਿਰੂ ਗਾਂਧੀ ਦੇ ਰਿਸ਼ਤੇ ਵੀ ਇੰਝ ਹੀ ਸਾਂਭ ਕੇ ਰੱਖੇ ਜਾਣਗੇ। ਨਹਿਰੂ ਮਿਊਜ਼ੀਅਮ ਨੂੰ ਹੋਰ ਵੀ ਬਿਹਤਰ ਕੀਤਾ ਜਾਵੇਗਾ। ਇਸ ਦੇ ਇਲਾਵਾ ਬਾਕੀ ਸਾਰੇ ਪ੍ਰਧਾਨ ਮੰਤਰੀਆਂ ਦੇ ਬਾਰੇ ਵਿਚ ਵੀ ਜਾਣਕਾਰੀਆਂ ਉਨ੍ਹਾਂ ਦੇ ਪਰਿਵਾਰਾਂ ਤੋਂ, ਸਰਕਾਰ, ਲੋਕਸਭਾ, ਰਾਜਸਭਾ ਦੀਆਂ ਵੈਬਸਾਈਟਾਂ ਤੋਂ, ਸਰਕਾਰੀ ਵਿਭਾਗਾਂ ਤੋਂ, ਉਨ੍ਹਾਂ ਦੀ ਬਾਇਓਗ੍ਰਾਫੀ ਜਾਂ ਹੋਰ ਕਿਤਾਬਾਂ ਤੋਂ, ਲਾਇਬ੍ਰੇਰੀਆਂ ਦੇ ਇਲਾਵਾ ਦੂਰਦਰਸਨ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਾਡੀ ਪੂਰੀ ਟੀਮ ਕਾਫੀ ਮਿਹਨਤ ਕਰ ਰਹੀ ਹੈ। ਹੁਣ ਕੰਮ ਹੋਰ ਵੀ ਤੇਜ਼ੀ ਨਾਲ ਹੋ ਰਿਹਾ ਹੈ। ਕਈ ਵਿਲੱਖਣ ਤਸਵੀਰਾਂ ਅਤੇ ਵੀਡੀਓ ਇਕੱਠੇ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀਆਂ ਦੀਆਂ ਸਫਲਤਾਵਾਂ ਅਤੇ ਕਮੀਆਂ ਨੂੰ ਪ੍ਰਮਾਣਿਕ ਤੱਥਾਂ ਦੇ ਰੂਪ ਵਿਚ ਸਾਹਮਣੇ ਰੱਖਿਆ ਜਾਵੇਗਾ। ਅਸੀਂ ਆਪਣੇ ਵੱਲੋਂ ਇਸ ਵਿਚ ਨਾ ਕੁਝ ਜੋੜਾਂਗੇ ਅਤੇ ਨਾ ਹੀ ਇਸ ਵਿਚੋਂ ਕੁਝ ਕਟਾਂਗੇ।


Related News