ਦਿੱਲੀ ਮਹਿਲਾ ਕਮਿਸ਼ਨ ਵਲੋਂ ਸਾਬਕਾ ਇੰਜੀਨੀਅਰ-ਇਨ-ਚੀਫ PSPCL ਦੀ ਬੇਟੀ ਸਨਮਾਨਤ
Sunday, Mar 14, 2021 - 10:42 AM (IST)
ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਵੱਖ-ਵੱਖ ਪ੍ਰੇਰਣਾਦਾਇਕ ਸ਼ਖਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਦਿੱਲੀ ਮਹਿਲਾ ਕਮਿਸ਼ਨ ਨੇ ਅਮਨਪ੍ਰੀਤ, ਆਈ. ਆਰ.ਐੱਸ. (ਜੁਆਇੰਟ ਕਮਿਸ਼ਨਰ ਇਨਕਮ ਟੈਕਸ, ਨਵੀਂ ਦਿੱਲੀ), ਜੋ ਕਿ ਇੰਜੀਨੀਅਰ ਰਛਪਾਲ ਸਿੰਘ ਸਾਬਕਾ ਇੰਜੀਨੀਅਰ ਇਨ ਚੀਫ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਧੀ ਹੈ, ਨੂੰ ਸਨਮਾਨਤ ਕੀਤਾ। ਜ਼ਿਕਰਯੋਗ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਅਮਨਪ੍ਰੀਤ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵੱਖ-ਵੱਖ ਐੱਨ. ਜੀ. ਓਜ਼ ਨਾਲ ਜੁੜੇ ਹੋਏ ਹਨ।
ਅਮਨਪ੍ਰੀਤ ਨੇ ਆਪਣੇ ਬੈਚਮੇਟ, ਵੱਖ-ਵੱਖ ਸੇਵਾਵਾਂ ਦੇ ਦੋਸਤਾਂ ਅਤੇ ਕਈ ਐੱਨ. ਜੀ. ਓਜ਼ ਅਤੇ ਕੁਝ ਸ਼ਖਸੀਅਤਾਂ ਦੀ ਮਦਦ ਨਾਲ ਦੇਸ਼ ਭਰ ਦੇ ਸਭ ਤੋਂ ਦੂਰ-ਦੁਰਾਡੇ ਦੇ ਇਲਾਕਿਆਂ ਸਮੇਤ ਭਾਰਤ ਦੇ 17 ਸੂਬਿਆਂ ਵਿੱਚ 12.5 ਲੱਖ ਤੋਂ ਵੱਧ ਬੀਬੀਆਂ ਨੂੰ ਸੈਨੇਟਰੀ ਨੈਪਕਿਨ ਵੰਡੇ ਹਨ। ਉਹ ਅਜੇ ਵੀ ਕਮਜ਼ੋਰ ਤਬਕੇ ਦੀਆਂ ਬੀਬੀਆਂ ਨੂੰ ਮਾਹਵਾਰੀ ਦੇ ਸਿਹਤਮੰਦ ਉਤਪਾਦ ਪ੍ਰਦਾਨ ਕਰਨ ਦੇ ਇਸ ਖੇਤਰ ਵਿੱਚ ਬਹੁਤ ਮਹੱਤਵਪੂਰਨ ਕੰਮ ਕਰ ਰਹੇ ਹਨ। ਅਮਨਪ੍ਰੀਤ ਨੇ ਸਮਾਜ ਨੂੰ ਦਿੱਤੇ ਇਕ ਸੰਦੇਸ਼ ਵਿਚ ਜਵਾਨ ਕੁੜੀਆਂ ਨੂੰ ਲੋੜਵੰਦਾਂ ਅਤੇ ਗਰੀਬ ਬੀਬੀਆਂ ਦੀ ਸਹਾਇਤਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਦਿੱਲੀ ਮਹਿਲਾ ਕਮਿਸ਼ਨ ਹਰ ਸਾਲ ਰਾਸ਼ਟਰੀ ਮਹਿਲਾ ਦਿਵਸ ਮਨਾਉਂਦਾ ਹੈ, ਜੋ ਪ੍ਰੇਰਨਾਦਾਇਕ ਲੋਕਾਂ ਦਾ ਸਨਮਾਨ ਕਰਦਾ ਹੈ।