ਭਾਜਪਾ ’ਤੇ ਨਿਯੁਕਤੀਆਂ ’ਚ ਸਹਿਯੋਗੀਆਂ ਨੂੰ ਢੁੱਕਵਾਂ ਹਿੱਸਾ ਦੇਣ ਦਾ ਦਬਾਅ

Friday, Jun 28, 2024 - 04:58 PM (IST)

ਭਾਜਪਾ ’ਤੇ ਨਿਯੁਕਤੀਆਂ ’ਚ ਸਹਿਯੋਗੀਆਂ ਨੂੰ ਢੁੱਕਵਾਂ ਹਿੱਸਾ ਦੇਣ ਦਾ ਦਬਾਅ

ਨਵੀਂ ਦਿੱਲੀ- ਪੀ. ਐੱਮ. ਮੋਦੀ ਨੂੰ ਇਕੱਲੇ ਫੈਸਲਾ ਲੈਣ ਵਾਲੇ ਵਜੋਂ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸ ਕੰਮ ’ਚ ਮਾਹਿਰ ਵੀ ਮੰਨਿਆ ਜਾਂਦਾ ਹੈ। ਗੁਜਰਾਤ ਦੇ ਜਦੋਂ ਉਹ ਮੁੱਖ ਮੰਤਰੀ ਸਨ, ਓਦੋਂ ਉਨ੍ਹਾਂ ਨਾਲ ਕੰਮ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਸਹਿਮਤੀ ਬਿਲਕੁਲ ਵੀ ਪਸੰਦ ਨਹੀਂ ਹੈ ਅਤੇ ਜੋ ਉਨ੍ਹਾਂ ਨਾਲ ਅਸਹਿਮਤ ਸਨ, ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ। ਅਜਿਹੇ ਲੋਕਾਂ ਦੀ ਸੂਚੀ ਬਹੁਤ ਲੰਬੀ ਹੈ, ਜਿਸਦੀ ਸ਼ੁਰੂਆਤ ਪ੍ਰਵੀਣ ਤੋਗੜੀਆ ਤੋਂ ਹੁੰਦੀ ਹੈ। ਪਰ ਮੋਦੀ ਨੇ ਇਕ ਨਵੀਂ ਕਾਰਜ ਸੰਸਕ੍ਰਿਤੀ ਲਿਆ ਕੇ ਪੂਰੇ ਦੇਸ਼ ਵਿਚ ਜੋਸ਼ ਭਰ ਦਿੱਤਾ।

ਸੀ. ਐੱਮ. ਵਜੋਂ ਆਪਣੇ 13 ਸਾਲਾਂ ਦੇ ਕਾਰਜਕਾਲ ਦੇ ਜ਼ੋਰ ’ਤੇ ਹੀ ਉਹ 30 ਸਾਲ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਵਿਚ ਪੂਰਨ ਬਹੁਮਤ ਹਾਸਲ ਕਰਨ ਵਾਲੇ ਨੇਤਾ ਬਣੇੇ। ਉਨ੍ਹਾਂ ਨੇ 2019 ਵਿਚ ਆਪਣੀਆਂ ਸੀਟਾਂ ਵਿਚ ਹੋਰ ਵਾਧਾ ਕੀਤਾ ਅਤੇ 303 ਸੀਟਾਂ ਜਿੱਤ ਕੇ ਭਾਜਪਾ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ। ਪਰ 2024 ਵਿਚ ‘ਬ੍ਰਾਂਡ ਮੋਦੀ’ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਭਾਜਪਾ 240 ਲੋਕ ਸਭਾ ਸੀਟਾਂ ’ਤੇ ਸਿਮਟ ਗਈ। ਬਾਵਜੂਦ ਇਸਦੇ ਮੋਦੀ ਨੇ 293 ਸੰਸਦ ਮੈਂਬਰਾਂ ਨਾਲ ਗੱਠਜੋੜ ਸਰਕਾਰ ਬਣਾਈ। ਗੱਠਜੋੜ ਸਰਕਾਰ ਦੇ ਬਾਵਜੂਦ ਭਾਜਪਾ ਅਜੇ ਵੀ ਦੂਜੀਆਂ ਪਾਰਟੀਆਂ ਨੂੰ ਜ਼ਿਆਦਾ ਤਵੱਜੋ ਦਿੰਦੀ ਦਿਖ ਨਹੀਂ ਰਹੀ ਹੈ।

ਪਾਰਟੀ ਅਜਿਹਾ ਸ਼ੋਅ ਕਰ ਰਹੀ ਹੈ ਮੰਨੋ ਉਸਦੀ ਪੂਰਨ ਗੱਠਜੋੜ ਦੀ ਸਰਕਾਰ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਜੇ ਸ਼ੁਰੂਆਤੀ ਦਿਨ ਹਨ ਅਤੇ ਪਾਰਟੀ ਨੂੰ ਮੋਦੀ 2.0 ਅਤੇ ਮੋਦੀ 3.0 ਸਰਕਾਰ ਵਿਚਾਲੇ ਦੇ ਫਰਕ ਨੂੰ ਸਵੀਕਾਰ ਕਰਨ ਵਿਚ ਸਮਾਂ ਲੱਗੇਗਾ। ਅਜੇ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਵੀ ਆਪਣੇ-ਆਪਣੇ ਮਸਲਿਆਂ ਨੂੰ ਸੁਲਝਾਉਣ ਵਿਚ ਰੁੱਝੀਆਂ ਹਨ। ਹਾਲਾਂਕਿ, ਉਨ੍ਹਾਂ ਵਿਚੋਂ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਮੋਦੀ ਸਰਕਾਰ ਦੀ ਕਾਰਜਸ਼ੈਲੀ ਨੂੰ ਦੇਖਿਆ ਹੈ, ਉਨ੍ਹਾਂ ਨੇ ਆਪਣੇ ਹਿੱਤ ਦੇ ਮੁੱਦਿਆਂ ’ਤੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਉਹ ਗਵਰਨਰਾਂ, ਕਮਿਸ਼ਨਾਂ ਅਤੇ ਟ੍ਰਿਬਿਊਨਲਾਂ ਦੇ ਚੇਅਰਪਰਸਨਾਂ ਅਤੇ ਮੈਂਬਰਾਂ, ਜਨਤਕ ਖੇਤਰ ਦੇ ਅਦਾਰਿਆਂ ਦੇ ਡਾਇਰੈਕਟਰਾਂ ਆਦਿ ਦੀਆਂ ਨਿਯੁਕਤੀਆਂ ਵਿਚ ਆਪਣੇ ਹਿੱਸਾ ਮੰਗਣਗੇ। ਆਪਣੇ ਦੂਜੇ ਕਾਰਜਕਾਲ ਦੌਰਾਨ, ਮੋਦੀ ਨੇ ਅਜਿਹੀਆਂ ਨਿਯੁਕਤੀਆਂ ’ਤੇ ਆਰ. ਐੱਸ. ਐੱਸ. ਦੀ ਵੀ ਨਹੀਂ ਸੁਣੀ ਸੀ। ਪਰ ਹੁਣ ਭਾਜਪਾ ’ਤੇ ਅਜਿਹੀਆਂ ਨਿਯੁਕਤੀਆਂ ’ਚ ਆਪਣੇ ਸਹਿਯੋਗੀਆਂ ਨੂੰ ਢੁੱਕਵਾਂ ਹਿੱਸਾ ਦੇਣ ਦਾ ਦਬਾਅ ਹੋਵੇਗਾ।


author

Rakesh

Content Editor

Related News