ਮਹਾਰਾਸ਼ਟਰ ''ਚ ਗਵਰਨਰ ਨੇ ਕੀਤੀ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫਾਰਿਸ਼
Tuesday, Nov 12, 2019 - 02:31 PM (IST)

ਮੁੰਬਈ— ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਇਸ ਦਰਮਿਆਨ ਗਵਰਨਰ ਭਗਤ ਸਿੰਘ ਕੋਸ਼ਯਾਰੀ ਨੇ ਮਹਾਰਾਸ਼ਟਰ ਵਿਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਿਫਾਰਿਸ਼ ਕੀਤੀ ਹੈ। ਗਵਰਨਰ ਨੇ ਕੇਂਦਰ ਸਰਕਾਰ ਨੂੰ ਰਿਪੋਰਟ ਭੇਜ ਕੇ ਮਹਾਰਾਸ਼ਟਰ ਵਿਚ ਰਾਸ਼ਟਰਪਤੀ ਸ਼ਾਸਨ ਲਾਉਣ ਲਈ ਕਿਹਾ ਹੈ। ਇੱਥੇ ਦੱਸ ਦੇਈਏ ਕਿ ਭਾਜਪਾ ਦੇ ਸਰਕਾਰ ਬਣਾਉਣ ਤੋਂ ਇਨਕਾਰ ਦੇ ਬਾਅਦ ਕਾਂਗਰਸ, ਸ਼ਿਵ ਸੈਨਾ ਨਾਲ ਸਰਕਾਰ ਬਣਾਉਣ ਲਈ ਹਾਂ ਅਤੇ ਨਾਂਹ 'ਚ ਹੀ ਅਟਕੀ ਹੋਈ ਹੈ।
ਮੁੱਖ ਮੰਤਰੀ ਅਹੁਦੇ ਲਈ ਭਾਜਪਾ ਤੋਂ ਕਿਨਾਰਾ ਕਰਨ ਵਾਲੀ ਸ਼ਿਵ ਸੈਨਾ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਤੋਂ ਖੁੰਝ ਗਈ ਹੈ। ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਅਤੇ ਆਦਿਤਿਯ ਠਾਕਰੀ ਨੇ ਗਵਰਨਰ ਤੋਂ 2 ਦਿਨ ਦਾ ਸਮਾਂ ਮੰਗਿਆ ਪਰ ਰਾਜਪਾਲ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਰਾਜਪਾਲ ਨੇ ਰਾਕਾਂਪਾ (ਐੱਨ. ਸੀ. ਪੀ.) ਨੂੰ ਸੱਦਾ ਦੇ ਕੇ ਮੰਗਲਵਾਰ ਰਾਤ 8 ਵਜੇ ਤਕ ਬਹੁਮਤ ਦਿਖਾਉਣ ਦਾ ਸਮਾਂ ਦਿੱਤਾ। ਇਸ 'ਤੇ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਗਵਰਨਰ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਅਸੀਂ ਸਹਿਯੋਗੀਆਂ ਨਾਲ ਗੱਲਬਾਤ ਕਰਕੇ ਜਵਾਬ ਦੇਵਾਂਗੇ। ਉੱਥੇ ਹੀ ਭਾਰੀ ਉਦਯੋਗ ਮੰਤਰੀ ਅਤੇ ਸ਼ਿਵ ਸੈਨਾ ਨੇਤਾ ਅਰਵਿੰਦ ਸਾਵੰਤ ਦੇ ਰਾਸ਼ਟਰੀ ਜਨਤਾਂਤਰਿਕ ਗਠਜੋੜ ਸਰਕਾਰ ਤੋਂ ਅਸਤੀਫਾ ਦੇਣ ਨਾਲ ਹੀ 30 ਸਾਲ ਪੁਰਾਣਾ ਭਗਵਾ ਗਠਜੋੜ ਟੁੱਟ ਗਿਆ ਹੈ।
ਧਾਰਾ-356 ਤਹਿਤ ਲੱਗੇਗਾ ਰਾਸ਼ਟਰਪਤੀ ਸ਼ਾਸਨ—
ਜੇਕਰ ਸਾਰੇ ਦਲਾਂ ਨੇ ਸਰਕਾਰ ਗਠਨ ਤੋਂ ਇਨਕਾਰ ਦਿੱਤਾ ਹੋਵੇ ਤਾਂ ਗਵਰਨਰ ਰਾਸ਼ਟਰਪਤੀ ਨੂੰ ਰਿਪੋਰਟ ਭੇਜ ਕੇ ਧਾਰਾ-356 ਤਹਿਤ ਰਾਸ਼ਟਰਪਤੀ ਸ਼ਾਸਨ ਦੀ ਸਿਫਾਰਿਸ਼ ਕਰਦੇ ਹਨ। ਜੇਕਰ ਗਵਰਨਰ ਦੀ ਸੱਦੇ ਨੂੰ ਠੁਕਰਾ ਕੇ ਕਾਂਗਰਸ ਅਤੇ ਐੱਨ. ਸੀ. ਪੀ. ਦੋਹਾਂ ਸਰਕਾਰਾਂ ਦੇ ਗਠਨ ਤੋਂ ਇਨਕਾਰ ਕਰਦੇ ਹਨ ਤਾਂ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਦਾ ਰਸਤਾ ਸਾਫ ਹੋ ਜਾਵੇਗਾ।