ਮੇਰੀ ਸਰਕਾਰ ਹਰ ਦੇਸ਼ਵਾਸੀ ਦਾ ਜੀਵਨ ਸੁਧਾਰਨ ਲਈ ਸਮਰਪਿਤ : ਰਾਮਨਾਥ ਕੋਵਿੰਦ

06/20/2019 11:19:48 AM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਮੋਦੀ ਸਰਕਾਰ-2 ਦੇ ਏਜੰਡੇ ਨੂੰ ਦੇਸ਼ ਦੇ ਸਾਹਮਣੇ ਰੱਖਿਆ ਅਤੇ ਸਰਕਾਰ ਕਿਸ ਤਰ੍ਹਾਂ ਨਿਊ ਇੰਡੀਆ ਦੀ ਨੀਂਹ ਰੱਖ ਰਹੀ ਹੈ ਇਸ ਨੂੰ ਵੀ ਦੱਸਿਆ। ਇਸ ਦੌਰਾਨ ਸਦਨ 'ਚ ਲੋਕ ਸਭਾ, ਰਾਜ ਸਭਾ ਦੇ ਸਾਰੇ ਸੰਸਦ ਮੈਂਬਰ ਮੈਂਬਰ ਮੌਜੂਦ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਆਪਣੇ ਭਾਸ਼ਣ 'ਚ ਵਿਕਾਸ, ਨੀਤੀ ਸਮੇਤ ਕਈ ਵੱਡੇ ਮੁੱਦਿਆਂ ਦਾ ਜ਼ਿਕਰ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਨਵੀਂ ਸਰਕਾਰ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ 61 ਕਰੋੜ ਵੋਟਰਾਂ ਨੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਅਤੇ ਦੇਸ਼ ਦਾ ਮਾਨ ਵਧਾਇਆ ਹੈ। ਚੋਣਾਂ 'ਚ ਔਰਤਾਂ ਦੀ ਹਿੱਸੇਦਾਰੀ ਵੀ ਪੁਰਸ਼ਾਂ ਦੇ ਬਰਾਬਰ ਰਹੀ ਹੈ। ਰਾਸ਼ਟਰਪਤੀ ਨੇ ਲੋਕ ਸਭਾ ਦੇ ਨਵੇਂ ਸਪੀਕਰ ਓਮ ਬਿਰਲਾ ਨੂੰ ਵੀ ਵਧਾਈ ਦਿੱਤੀ।
 

ਦੇਸ਼ਵਾਸੀ ਦਾ ਜੀਵਨ ਸੁਧਾਰਨ ਲਈ ਸਮਰਪਿਤ
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਸ ਵਾਰ 78 ਮਹਿਲਾ ਸੰਸਦ ਮੈਂਬਰਾਂ ਨੂੰ ਚੁਣਿਆ ਜਾਣਾ ਨਵੇਂ ਭਾਰਤ ਦੀ ਤਸਵੀਰ ਪੇਸ਼ ਕਰਦਾ ਹੈ। ਭਾਰਤ ਦੀ ਤਬਦੀਲੀ ਇਸ ਸੈਸ਼ਨ 'ਚ ਦਿੱਸ ਰਿਹਾ ਹੈ, ਕਿਉਂਕਿ ਇਸ ਵਾਰ ਕਈ ਖੇਤਰਾਂ ਤੋਂ ਮੈਂਬਰ ਚੁਣ ਕੇ ਆਏ ਹਨ। ਖੇਡ, ਸਿੱਖਿਆ, ਵਕਾਲਤ, ਫਿਲਮ, ਸਮਾਜ ਸੇਵਾ ਹਰ ਖੇਤਰ ਤੋਂ ਆਏ ਲੋਕ ਇੱਥੇ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਬਹੁਤ ਹੀ ਸਪੱਸ਼ਟ ਜਨਾਦੇਸ਼ ਦਿੱਤਾ ਹੈ ਅਤੇ ਪਹਿਲੇ ਕਾਰਜਕਾਲ ਦੇ ਮੁਲਾਂਕਣ ਤੋਂ ਬਾਅਦ ਦੂਜੀ ਵਾਰ ਵੱਡਾ ਜਨਾਦੇਸ਼ ਦਿੱਤਾ ਹੈ। ਮੇਰੀ ਸਰਕਾਰ ਨੇ ਸਭ ਕਾ ਸਾਥ, ਸਭ ਕਾ ਵਿਕਾਸ ਨਾਅਰੇ 'ਤੇ ਕੰਮ ਕੀਤਾ ਹੈ, ਜਿੱਥੇ ਕਿਸੇ ਨਾਲ ਭੇਦਭਾਵ ਨਹੀਂ ਹੈ। ਮੇਰੀ ਸਰਕਾਰ ਪਹਿਲੇ ਦਿਨ ਤੋਂ ਹੀ ਦੇਸ਼ਵਾਸੀਆਂ ਦਾ ਜੀਵਨ ਸੁਧਾਰਨ, ਕੁਸ਼ਾਸਨ ਨਾਲ ਪੈਦਾ ਮੁਸੀਬਤ ਦੂਰ ਕਰਨ ਲਈ ਸਮਰਪਿਤ ਹੈ।
 

ਹਰ ਵਿਅਕਤੀ ਨੂੰ ਮਜ਼ਬੂਤ ਕਰਨਾ ਮੇਰੀ ਸਰਕਾਰ ਦਾ ਮਕਸਦ
ਰਾਸ਼ਟਰਪਤੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੇਸ਼ ਦੇ ਲੋਕਾਂ ਨੇ ਮੂਲਭੂਤ ਸਹੂਲਤਾਂ ਲਈ ਵੀ ਲੰਬੇ ਸਮੇਂ ਤੱਕ ਇੰਤਜ਼ਾਰ ਕੀਤਾ ਪਰ ਹੁਣ ਸਥਿਤੀਆਂ ਬਦਲ ਰਹੀਆਂ ਹਨ। ਦੇਸ਼ ਦੇ ਹਰ ਵਿਅਕਤੀ ਨੂੰ ਮਜ਼ਬੂਤ ਕਰਨਾ ਮੇਰੀ ਸਰਕਾਰ ਦਾ ਮਕਸਦ ਹੈ। ਅਸੀਂ ਹੁਣ ਮੂਲਭੂਤ ਜ਼ਰੂਰਤਾਂ ਪੂਰੀਆਂ ਕਰਦੇ ਹੋਏ ਸਰਕਾਰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਮਜ਼ਬੂਤ, ਸੁਰੱਖਿਅਤ ਅਤੇ ਸਰਬਸਮਾਵੇਸ਼ੀ ਭਾਰਤ ਦੇ ਨਿਰਮਾਣ ਦੀ ਦਿਸ਼ਾ 'ਚ ਅੱਗੇ ਵਧ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਲ 2022 'ਚ ਆਜ਼ਾਦੀ ਦੇ 75ਵੇਂ ਸਾਲ 'ਚ ਹੁਣ ਨਵੇਂ ਭਾਰਤ ਦੇ ਕਈ ਟੀਚੇ ਹਾਸਲ ਕਰ ਚੁਕੇ ਹੋਵਾਂਗੇ। ਮੇਰੀ ਸਰਕਾਰ ਨੇ 21 ਦਿਨਾਂ ਦੇ ਘੱਟ ਸਮੇਂ 'ਚ ਹੀ ਕਿਸਾਨ, ਜਵਾਨ, ਔਰਤਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
 

ਜਲ ਸੰਕਟ ਵੱਡੀ ਸਮੱਸਿਆ
ਕੋਵਿੰਦ ਨੇ ਜਲ ਸੰਕਟ ਨੂੰ 21ਵੀਂ ਸਦੀ ਦੀ ਸਭ ਤੋਂ ਵੱਡੀ ਸਮੱਸਿਆ ਦੱਸਦੇ ਹੋਏ ਕਿਹਾ ਕਿ ਜਲ ਸਰੋਤ ਸੁੱਕ ਰਹੇ ਹਨ ਅਤੇ ਇਹ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਦੇਸ਼ ਵਾਸੀ ਸਵੱਛ ਭਾਰਤ ਦੀ ਤਰ੍ਹਾਂ ਜਲ ਪ੍ਰੰਬਧਨ ਨੂੰ ਲੈ ਕੇ ਵੀ ਦਿਖਾਉਣ। ਸਰਕਾਰ ਨੇ ਨਵੇਂ ਜਲ ਸ਼ਕਤੀ ਮੰਤਰਾਲੇ ਦਾ ਗਠਨ ਕੀਤਾ ਹੈ। ਮੇਰੀ ਸਰਕਾਰ ਸੋਕੇ ਦੀ ਲਪੇਟ 'ਚ ਹਰ ਖੇਤਰ ਬਾਰੇ ਸਾਵਧਾਨ ਹੈ। ਉਨ੍ਹਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਪਰੇਸ਼ਾਨੀ ਘੱਟ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖੇਤੀਬਾੜੀ ਖੇਤਰ ਦੀ ਉਤਪਾਦਕਤਾ ਵਧਾਉਣ ਲਈ ਲਗਾਤਾਰ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਫਸਲ ਬੀਮਾ, ਸਾਈਲ ਹੈੱਲਥ ਕਾਰਡ, ਨੀਮ ਕੋਟੇਡ ਯੂਰੀਆ ਦੀਆਂ ਯੋਜਨਾਵਾਂ ਲਿਆਂਦੀਆਂ ਗਈਆਂ ਹਨ।
 

ਕਿਸਾਨ ਸਨਮਾਨ ਫੰਡ 'ਤੇ ਹਰ ਸਾਲ 90 ਹਜ਼ਾਰ ਕਰੋੜ ਖਰਚ ਹੋਣ ਦਾ ਅਨੁਮਾਨ
ਰਾਮਨਾਥ ਕੋਵਿੰਦ ਨੇ ਕਿਹਾ ਕਿ ਕਿਸਾਨ ਸਨਮਾਨ ਫੰਡ 'ਤੇ ਹਰ ਸਾਲ 90 ਹਜ਼ਾਰ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਖੇਤੀ ਪੈਦਾਵਾਰ ਅਤੇ ਪੇਂਡੂ ਭੰਡਾਰਨ ਦੀ ਸਹੂਲਤ ਦਿੱਤੀ ਜਾਵੇਗੀ। ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਕਿਸਾਨ ਉਤਪਾਦਕ ਸੰਘ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਮੇਰੀ ਸਰਕਾਰ ਨੀਲੀ ਕ੍ਰਾਂਤੀ ਲਈ ਵਚਨਬੱਧ ਹੈ ਅਤੇ ਇਸ ਲਈ ਵਿਸ਼ੇਸ਼ ਫੰਡ ਬਣਾਇਆ ਗਿਆ ਹੈ। ਦੇਸ਼ 'ਚ ਕਿਸਾਨਾਂ, ਮਜ਼ਦੂਰਾਂ, ਔਰਤਾਂ, ਗਰੀਬਾਂ ਲਈ ਮਜ਼ਬੂਤ ਯੋਜਨਾਵਾਂ ਬਣੀਆਂ ਹਨ।
 

ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ
ਰਾਮਨਾਥ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸੁਸ਼ਾਸਨ ਯਕੀਨੀ ਕਰਨ ਨਾਲ ਭ੍ਰਿਸ਼ਟਾਚਾਰ ਘੱਟ ਹੁੰਦਾ ਹੈ ਅਤੇ ਮੇਰੀ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਵੱਲ ਵਿਆਪਕ ਬਣੇਗੀ। ਉਨ੍ਹਾਂ ਨੇ ਕਾਲੇਧਨ 'ਤੇ ਰੋਕ ਲਗਾਉਣ ਲਈ ਵੀ ਕਦਮ ਚੁੱਕੇ ਜਾਣਗੇ। ਲੋਕਪਾਲ ਦੀ ਨਿਯੁਕਤੀ ਨਾਲ ਭ੍ਰਿਸ਼ਟਾਚਾਰ 'ਤੇ ਰੋਕ ਲੱਗੇਗੀ। ਭਗੌੜਿਆਂ ਨੂੰ ਦੇਸ਼ ਲਿਆਉਣ ਲਈ ਹਵਾਲਗੀ ਸੰਧੀ ਹੋਈ ਹੈ।
 

ਤਿੰਨ ਤਲਾਕ ਤੇ ਨਿਕਾਹ ਹਲਾਲਾ ਦਾ ਖਾਤਮਾ ਜ਼ਰੂਰੀ
ਉਨ੍ਹਾਂ ਨੇ ਤਿੰਨ ਤਲਾਕ ਪ੍ਰਥਾ ਦਾ ਜ਼ਿਕਰ ਕਰਦੇ ਹੋਏ ਕਿਹਾ,''ਦੇਸ਼ 'ਚ ਹਰ ਭੈਣ-ਬੇਟੀ ਲਈ ਸਾਮਾਨ ਅਧਿਕਾਰ ਯਕੀਨੀ ਕਰਨ ਲਈ 'ਤਿੰਨ ਤਲਾਕ' ਅਤੇ 'ਨਿਕਾਹ-ਹਲਾਲਾ' ਵਰਗੀਆਂ ਪ੍ਰਥਾਵਾਂ ਦਾ ਖਾਤਮਾ ਜ਼ਰੂਰੀ ਹੈ। ਮੈਂ ਸਾਰੇ ਮੈਂਬਰਾਂ ਨੂੰ ਅਪੀਲ ਕਰਾਂਗਾ ਕਿ ਸਾਡੀਆਂ ਭੈਣਾਂ ਅਤੇ ਬੇਟੀਆਂ ਦੇ ਜੀਵਨ ਨੂੰ ਹੋਰ ਵਧ ਸਨਮਾਨਜਨਕ ਅਤੇ ਬਿਹਤਰ ਬਣਾਉਣ ਲਈ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ 'ਚ ਸਹਿਯੋਗ ਕਰਨ।
 

ਵੀਰ ਜਵਾਨਾਂ ਦੇ ਬੱਚਿਆਂ ਦੀ ਸਕਾਲਰਸ਼ਿਪ ਦੀ ਰਾਸ਼ੀ 'ਚ ਵਾਧਾ
ਕੋਵਿੰਦ ਨੇ ਕਿਹਾ ਕਿ 'ਰਾਸ਼ਟਰੀ ਰੱਖਿਆ ਫੰਡ' 'ਚੋਂ ਵੀਰ ਜਵਾਨਾਂ ਦੇ ਬੱਚਿਆਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਦੀ ਰਾਸ਼ੀ ਵਧਾ ਦਿੱਤੀ ਗਈ ਹੈ। ਇਸ 'ਚ ਪਹਿਲੀ ਵਾਰ ਰਾਜ ਪੁਲਸ ਦੇ ਜਵਾਨਾਂ ਦੇ ਬੇਟੇ-ਬੇਟੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।


DIsha

Content Editor

Related News