ਦ੍ਰੌਪਦੀ ਮੁਰਮੂ ਨੇ ਪਣਡੁੱਬੀ ਰਾਹੀਂ ਕੀਤਾ ਸਮੁੰਦਰੀ ਸਫ਼ਰ ! ਅਜਿਹਾ ਕਰਨ ਵਾਲੇ ਬਣੇ ਦੇਸ਼ ਦੇ ਦੂਜੇ ਰਾਸ਼ਟਰਪਤੀ
Monday, Dec 29, 2025 - 09:58 AM (IST)
ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਤਵਾਰ ਪੱਛਮੀ ਕੰਢੇ ਤੋਂ ਭਾਰਤੀ ਸਮੁੰਦਰੀ ਫੌਜ ਦੀ ਫਰੰਟਲਾਈਨ ਪਣਡੁੱਬੀ ਆਈ.ਐੱਨ.ਐੱਸ. ਵਾਘਸ਼ੀਰ ਰਾਹੀਂ ਸਮੁੰਦਰੀ ਸਫਰ ਕੀਤਾ। ਮੁਰਮੂ ਪਣਡੁੱਬੀ ਰਾਹੀਂ ਸਮੁੰਦਰੀ ਸਫਰ ਕਰਨ ਵਾਲੀ ਦੇਸ਼ ਦੀ ਦੂਜੀ ਰਾਸ਼ਟਰਪਤੀ ਬਣ ਗਈ ਹੈ।
ਇਸ ਤੋਂ ਪਹਿਲਾਂ ਫਰਵਰੀ 2006 ’ਚ ਉਸ ਵੇਲੇ ਦੇ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਪਣਡੁੱਬੀ ਰਾਹੀਂ ਸਮੁੰਦਰੀ ਸਫਰ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਰਾਸ਼ਟਰਪਤੀ ਮੁਰਮੂ ਦੇ ਨਾਲ ਸਨ। ਮੁਰਮੂ ਕਰਨਾਟਕ ਦੇ ਕਰਵਾਰ ਨੇਵਲ ਬੇਸ ਤੋਂ ਕਲਵਰੀ ਸ਼੍ਰੇਣੀ ਦੀ ਪਣਡੁੱਬੀ ’ਚ ਸਵਾਰ ਹੋਏ ਸਨ।
ਰਾਸ਼ਟਰਪਤੀ ਸਕੱਤਰੇਤ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਮੁਰਮੂ ਨੇ ਸਵਦੇਸ਼ੀ ਪਣਡੁੱਬੀ ’ਤੇ ਸਫਰ ਕੀਤਾ। ਪੀ-75 ਸਕਾਰਪੀਨ ਪ੍ਰਾਜੈਕਟ ਦੀ ਛੇਵੀਂ ਤੇ ਆਖਰੀ ਪਣਡੁੱਬੀ ਵਾਘਸ਼ੀਰ ਨੂੰ ਇਸ ਸਾਲ ਜਨਵਰੀ ’ਚ ਸਮੁੰਦਰੀ ਫੌਜ ’ਚ ਸ਼ਾਮਲ ਕੀਤਾ ਗਿਆ ਸੀ। ਇਹ ਦੁਨੀਆ ਦੀਆਂ ਸਭ ਤੋਂ ਸ਼ਾਂਤ ਤੇ ਸਭ ਤੋਂ ਬਹੁਪੱਖੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ’ਚੋਂ ਇਕ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਹਥਿਆਰਬੰਦ ਫੌਜਾਂ ਦੇ ਸੁਪਰੀਮ ਕਮਾਂਡਰ ਵੀ ਹੁੰਦੇ ਹਨ।
