ਅਜੀਤ ਰਾਹੀਂ ਬਾਰਾਮਤੀ ਸਮੇਤ ਸਾਰੀਆਂ 4 ਸੀਟਾਂ ਪਵਾਰ ਕੋਲੋਂ ਖੋਹਣ ਦੀ ਤਿਆਰੀ

02/11/2024 1:01:17 PM

ਨਵੀਂ ਦਿੱਲੀ- ਭਾਜਪਾ ਹਾਈ ਕਮਾਂਡ ਲੋਕ ਸਭਾ ਦੀਆਂ ਚੋਣਾਂ ਦੌਰਾਨ ਆਪਣੀਆਂ ਸੀਟਾਂ ਅਤੇ ਵੋਟਾਂ ਦੀ ਗਿਣਤੀ ਵਧਾਉਣ ਲਈ ਦ੍ਰਿੜ ਸੰਕਲਪ ਹੈ। ਉਹ ਸੂਬਿਆਂ ਵਿੱਚ ਆਪਣੇ ਸਹਿਯੋਗੀਆਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਕਹਿ ਰਹੀ ਹੈ।

ਇਸ ਰਣਨੀਤੀ ਦੇ ਹਿੱਸੇ ਵਜੋਂ ਉਹ ਮਹਾਰਾਸ਼ਟਰ ਵਿੱਚ ਆਪਣੇ ਮੁੱਖ ਸਹਿਯੋਗੀ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਨੂੰ ਬਾਰਾਮਤੀ, ਸਤਾਰਾ, ਸ਼ਿਰੂਰ ਅਤੇ ਰਾਏਗੜ੍ਹ ਵਰਗੀਆਂ ਲੋਕ ਸਭਾ ਦੀਆਂ ਸਾਰੀਆਂ 4 ਸੀਟਾਂ ਖੋਹਣ ਲਈ ਜ਼ੋਰ ਦੇ ਰਹੀ ਹੈ, ਜੋ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਐੱਨ. ਸੀ. ਪੀ. ਦੇ ਸ਼ਰਦ ਪਵਾਰ ਧੜੇ ਵਲੋਂ ਜਿੱਤੀਆਂ ਗਈਆਂ ਸਨ।

ਸ਼ਰਦ ਪਵਾਰ ਨੇ ਆਪਣੀ ਰਵਾਇਤੀ ਬਾਰਾਮਤੀ ਲੋਕ ਸਭਾ ਸੀਟ ਤੋਂ ਆਪਣੀ ਬੇਟੀ ਸੁਪ੍ਰਿਆ ਸੁਲੇ ਨੂੰ ਇਹ ਸਪੱਸ਼ਟ ਸੰਦੇਸ਼ ਦੇਣ ਲਈ ਮੈਦਾਨ ਵਿੱਚ ਉਤਾਰਿਆ ਸੀ ਕਿ ਉਹ ਉਨ੍ਹਾਂ ਦੀ ਜਾਨਸ਼ੀਨ ਹੋਵੇਗੀ ਪਰ ਸਥਿਤੀ ਨੇ ਉਦੋਂ ਨਾਟਕੀ ਮੋੜ ਲੈ ਲਿਆ ਜਦੋਂ ਅਜੀਤ ਪਵਾਰ ਨੇ ‘ਤਖਤਾ ਪਲਟ’ ਕੀਤਾ ਅਤੇ ਉਹ ਬਹੁਗਿਣਤੀ ਵਾਲੇ ਵਿਧਾਇਕਾਂ ਨਾਲ ਚਲੇ ਗਏ। ਉਨ੍ਹਾਂ 40 ਤੋਂ ਵੱਧ ਵਿਧਾਇਕਾਂ ਨਾਲ ਮਿਲ ਕੇ ਊਧਵ ਸਰਕਾਰ ਨੂੰ ਡੇਗਣ ਲਈ ਭਾਜਪਾ ਨਾਲ ਹੱਥ ਮਿਲਾ ਲਿਆ।

ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਤੋਂ ਆ ਰਹੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਜੀਤ ਪਵਾਰ ਨੂੰ ਸੁਪ੍ਰਿਆ ਸੁਲੇ ਵਿਰੁੱਧ ਬਾਰਾਮਤੀ ਲੋਕ ਸਭਾ ਤੋਂ ਆਪਣੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਕਿਹਾ ਜਾ ਰਿਹਾ ਹੈ।

ਇਹ ਇਸ ਤੱਥ ਦੇ ਬਾਵਜੂਦ ਹੈ ਕਿ ਪੀ. ਐੱਮ. ਮੋਦੀ ਅਤੇ ਪਵਾਰ ਵਿਚਾਲੇ ਦਹਾਕਿਆਂ ਤੋਂ ਨਿੱਜੀ ਕੈਮਿਸਟਰੀ ਰਹੀ ਹੈ, ਪਰ ਹੁਣ ਸਮਾਂ ਬਦਲ ਗਿਆ ਹੈ। ਜੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਭਾਜਪਾ ਇਸ ਮਹੀਨੇ ਹੋਣ ਵਾਲੀਆਂ ਦੋ-ਸਾਲਾ ਚੋਣਾਂ ਵਿਚ ਰਾਜ ਸਭਾ ਦੀਆਂ ਸਾਰੀਆਂ 6 ਸੀਟਾਂ ਜਿੱਤਣ ਦੀ ਰਣਨੀਤੀ ਬਣਾ ਰਹੀ ਹੈ।

288 ਦੇ ਹਾਊਸ ਵਿੱਚ ਕਾਂਗਰਸ ਦੇ 41 ਵਿਧਾਇਕ ਹਨ। ਨਾ ਤਾਂ ਐੱਨ. ਸੀ. ਪੀ. (ਪਵਾਰ) ਅਤੇ ਨਾ ਹੀ ਸ਼ਿਵ ਸੈਨਾ (ਊਧਵ) ਆਪਣੇ ਦਮ ’ਤੇ ਕੋਈ ਸੀਟ ਜਿੱਤ ਸਕਦੇ ਹਨ। ਖ਼ਬਰਾਂ ਹਨ ਕਿ ਸੀਨੀਅਰ ਪਵਾਰ ਸੋਕ ਸਭਾ ਦੀਆਂ ਚੋਣਾਂ ਦੌਰਾਨ ਬਾਰਾਮਤੀ ਵਿੱਚ ਹਮਦਰਦੀ ਦੇ ਕਾਰਕ ਦਾ ਸਹਾਰਾ ਲੈ ਕੇ ਅਪੀਲ ਕਰ ਸਕਦੇ ਹਨ ਕਿ ਇਹ ਉਨ੍ਹਾਂ ਦੇ ਜੀਵਨ ਦੀ ਆਖਰੀ ਚੋਣ ਹੋਵੇਗੀ। ਇਹ ਅਪੀਲ ਕੰਮ ਕਰੇਗੀ ਜਾਂ ਨਹੀਂ, ਇਸ ਦਾ ਪਤਾ ਤਾਂ ਮਈ ਵਿੱਚ ਹੀ ਲੱਗੇਗਾ।


Rakesh

Content Editor

Related News