ਅਦਾਕਾਰ ਰਿਸ਼ੀ ਕਪੂਰ ਦੀ ਪਾਕਿਸਤਾਨ 'ਚ ਮੌਜੂਦ 'ਕਪੂਰ ਹਵੇਲੀ' ਨੂੰ ਢਾਹੁਣ ਦੀ ਤਿਆਰੀ

07/13/2020 3:04:38 AM

ਪੇਸ਼ਾਵਰ - ਬਾਲੀਵੁੱਡ ਦੇ ਸਵਰਗੀ ਅਦਾਕਾਰ ਰਿਸ਼ੀ ਕਪੂਰ ਦਾ ਪਾਕਿਸਤਾਨ ਵਿਚ ਪੇਸ਼ਾਵਰ ਸ਼ਹਿਰ ਸਥਿਤ ਜੱਦੀ ਹਵੇਲੀ ਨੂੰ ਡਿਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਹਵੇਲੀ ਦਾ ਮੌਜੂਦਾ ਮਾਲਕ ਉਥੇ ਇਕ ਸ਼ਾਪਿੰਗ ਕੰਪੈਲਕਸ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਪਾਕਿਸਤਾਨ ਸਰਕਾਰ ਨੇ 2018 ਵਿਚ ਰਿਸ਼ੀ ਕਪੂਰ ਦੀ ਅਪੀਲ 'ਤੇ ਪੇਸ਼ਾਵਰ ਦੇ ਕਿੱਸਾ ਖਵਾਨੀ ਬਜ਼ਾਰ ਸਥਿਤ ਕਪੂਰ ਹਵੇਲੀ ਨੂੰ ਇਕ ਮਿਊਜ਼ੀਅਮ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਸੀ।

ਮਿਊਜ਼ੀਅਮ ਬਣਾਉਣ ਦੇ ਵਾਅਦੇ ਤੋਂ ਪਲਟੀ ਪਾਕਿ ਸਰਕਾਰ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਰਿਸ਼ੀ ਕਪੂਰ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਪਾਕਿਸਤਾਨ ਸਰਕਾਰ ਇਸ ਨੂੰ ਮਿਊਜ਼ੀਅਮ ਵਿਚ ਤਬਦੀਲ ਕਰੇਗੀ। ਹਾਲਾਂਕਿ, ਇਲਾਕੇ ਦੇ ਬਾਸ਼ਿੰਦਿਆਂ ਦਾ ਆਖਣਾ ਹੈ ਕਿ ਇਹ ਹਵੇਲੀ ਡਰਾਉਣੀ ਹੋ ਗਈ ਹੈ। ਆਪਣੀ ਗੰਭੀਰ ਸਥਿਤੀ ਕਾਰਨ ਇਹ ਕਦੇ ਵੀ ਢਹਿ ਸਕਦੀ ਹੈ। ਪਾਕਿਸਤਾਨ ਸਰਕਾਰ ਦੇ ਲੱਚਰ ਰਵੱਈਏ ਕਾਰਨ ਇਸ ਹਵੇਲੀ ਦੇ ਭਵਿੱਖ 'ਤੇ ਸੰਕਟ ਛਾ ਗਿਆ ਹੈ।

ਸ਼ਾਪਿੰਗ ਕੰਪਲੈਕਸ ਬਣਾਉਣਾ ਚਾਹੁੰਦੇ ਹਨ ਹਵੇਲੀ ਦੇ ਮਾਲਕ
ਇਸ ਹਵੇਲੀ ਦੇ ਮਾਲਕ ਹੁਣ ਹਾਜ਼ੀ ਮੁਹੰਮਦ ਇਸਰਾਰ ਹਨ, ਜੋ ਸ਼ਹਿਰ ਦੇ ਇਕ ਅਮੀਰ ਜੌਹਰੀ ਹਨ। ਖੈਬਰ ਪਖਤੂਨਖੱਵਾ ਸੂਬੇ ਦੀ ਸਰਕਾਰ ਇਸ ਹਵੇਲੀ ਨੂੰ ਖਰੀਦਣਾ ਅਤੇ ਇਸ ਦੇ ਮੂਲ ਰੂਪ ਵਿਚ ਹੀ ਸੈਲਾਨੀਆਂ ਲਈ ਇਸ ਨੂੰ ਸੁਰੱਖਿਅਤ ਕਰਨਾ ਚਾਹੁੰਦੀ ਹੈ ਕਿਉਂਕਿ ਇਸ ਦਾ ਇਤਿਹਾਸਕ ਮਹੱਤਵ ਹੈ। ਇਸਰਾਰ ਹਾਲਾਂਕਿ ਇਸ ਨੂੰ ਤਬਾਹ ਕਰਕੇ ਇਸ ਅਹਿਮ ਥਾਂ 'ਤੇ ਇਕ ਸ਼ਾਂਪਿੰਗ ਕੰਪਲੈਕਸ ਬਣਾਉਣਾ ਚਾਹੁੰਦੇ ਹਨ।

ਪਹਿਲਾਂ ਵੀ ਹਵੇਲੀ ਨੂੰ ਡਿਗਾਉਣ ਦੀ ਹੋ ਚੁੱਕੀ ਹੈ ਕੋਸ਼ਿਸ਼
ਇਸ ਦਾ ਮਾਲਕ ਪਹਿਲਾਂ ਵੀ ਇਸ ਹਵੇਲੀ ਨੂੰ ਡਿਗਾਉਣ ਦੀ 3-4 ਵਾਰ ਕੋਸ਼ਿਸ਼ ਕਰ ਚੁੱਕਿਆ ਹੈ ਪਰ ਅਜਿਹਾ ਨਾ ਕਰ ਸਕਿਆ ਕਿਉਂਕਿ ਖੈਬਰ ਪਖਤੂਨਖੱਵਾ ਧਰੋਹਰ ਵਿਭਾਗ ਨੇ ਉਨ੍ਹਾਂ ਖਿਲਾਫ ਐਫ. ਆਈ. ਆਰ. ਦਰਜ ਕਰਾ ਦਿੱਤੀ। ਖਬਰ ਹੈ ਕਿ ਸੂਬਾਈ ਸਰਕਾਰ ਇਸ ਭਵਨ ਦੀ ਕੀਮਤ 'ਤੇ ਇਸ ਦੇ ਮਾਲਕ ਨਾਲ ਗੱਲ ਨਾ ਬਣ ਪਾਉਣ ਕਾਰਨ ਇਸ ਨੂੰ ਮਿਊਜ਼ੀਅਮ ਵਿਚ ਤਬਦੀਲ ਕਰਨ ਵਿਚ ਨਾਕਾਮ ਰਹੀ ਹੈ। ਇਸ ਜਾਇਦਾਦ ਦੀ ਕੀਮਤ 5 ਕਰੋੜ ਰੁਪਏ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ।

ਪ੍ਰਿਥਵੀਰਾਜ ਕਪੂਰ ਦੇ ਪਿਤਾ ਨੇ ਬਣਾਈ ਸੀ ਇਹ ਹਵੇਲੀ
ਇਸ ਹਵੇਲੀ ਨੂੰ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਪਿਤਾ ਬਜੇਸ਼ਵਰਨਾਥ ਕਪੂਰ ਨੇ ਬਣਵਾਇਆ ਸੀ। ਕਪੂਰ ਪਰਿਵਾਰ ਮੂਲ ਰੂਪ ਤੋਂ ਪੇਸ਼ਾਵਰ ਤੋਂ ਹਨ ਜੋ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਆ ਗਏ ਸਨ। ਰਿਸ਼ੀ 1990 ਵਿਚ ਉਥੇ ਗਏ ਸਨ। ਇਸ ਹਵੇਲੀ ਵਿਚ ਰਿਸ਼ੀ ਦੇ ਦਾਦਾ ਪ੍ਰਿਥਵੀਰਾਜ ਅਤੇ ਪਿਤਾ ਰਾਜ ਕਪੂਰ ਦਾ ਜਨਮ ਹੋਇਆ ਸੀ।


Khushdeep Jassi

Content Editor

Related News