ਭਵਿੱਖ ’ਚ ‘PK’ ਦੀ ਸਲਾਹ ਲੈਣ ਦੇ ਸਵਾਲ ’ਤੇ ਕਾਂਗਰਸ ਨੇ ਕਿਹਾ- ਸਾਡੇ ਖਿੜਕੀਆਂ, ਦਰਵਾਜ਼ੇ ਖੁੱਲ੍ਹੇ ਹਨ
Wednesday, Apr 27, 2022 - 06:13 PM (IST)
ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਨੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਪਾਰਟੀ ’ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਭਵਿੱਖ ’ਚ ਉਨ੍ਹਾਂ ਦੀ ਬਤੌਰ ਸਲਾਹਕਾਰ ਸੇਵਾ ਲੈਣ ਨਾਲ ਜੁੜੇ ਸਵਾਲ ਦਾ ਬਹੁਤ ਹੀ ਵਧੀਆ ਜਵਾਬ ਦਿੱਤਾ। ਕਾਂਗਰਸ ਪਾਰਟੀ ਵਲੋਂ ਕਿਹਾ ਗਿਆ ਹੈ ਕਿ ਉਹ ਇਕ ਜੀਵਤ ਸੰਗਠਨ ਹੈ ਅਤੇ ਸੁਝਾਅ ਲਈ ਉਸ ਦੇ ਖਿੜਕੀ ਅਤੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ। ਪਾਰਟੀ ਬੁਲਾਰੇ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਕਿਸ਼ੋਰ ਨੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਕਿਉਂ ਮਨਾ ਕੀਤਾ, ਇਸ ਦਾ ਕਾਰਨ ਉਹ ਖੁਦ ਦੱਸ ਸਕਦੇ ਹਨ। ਦੱਸ ਦੇਈਏ ਕਿ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ’ਚ ਸ਼ਾਮਲ ਹੋਣ ਦੀ ਪਾਰਟੀ ਲੀਡਰਸ਼ਿਪ ਦੇ ਪ੍ਰਸਤਾਵ ਨੂੰ ਮੰਗਲਵਾਰ ਨੂੰ ਠੁਕਰਾ ਦਿੱਤਾ ਅਤੇ ਕਿਹਾ ਸੀ ਕਿ ਮੇਰਾ ਵਿਚਾਰ ਹੈ ਕਿ ਪਾਰਟੀ ਨੂੰ ਉਨ੍ਹਾਂ ਤੋਂ ਕਿਤੇ ਜ਼ਿਆਦਾ ਅਗਵਾਈ ਅਤੇ ਸਮੂਹਕ ਇੱਛਾ ਸ਼ਕਤੀ ਦੀ ਜ਼ਰੂਰਤ ਹੈ, ਜਿਸ ਤੋਂ ਤਬਦੀਲੀ 'ਤੇ ਆਧਾਰਿਤ ਸੁਧਾਰਾਂ ਰਾਹੀਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।
ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਸ਼ੋਰ ਨੂੰ ਕਾਂਗਰਸ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਸਮੂਹ-2024 ਦਾ ਹਿੱਸਾ ਬਣ ਕੇ ਪਾਰਟੀ ’ਚ ਸ਼ਾਮਲ ਹੋਣ ਦੀ ਪੇਸ਼ਕੇਸ਼ ਕੀਤੀ ਸੀ। ਓਧਰ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਮੌਕਾ ਉਨ੍ਹਾਂ ਨੂੰ ਦਿੱਤਾ ਗਿਆ ਸੀ ਕਿ ਤੁਸੀਂ ਵੀ ਇਸ ’ਚ ਸ਼ਾਮਲ ਹੋ ਜਾਓ। ਪਤਾ ਨਹੀਂ, ਕੀ ਕਾਰਨ ਹੈ ਕਿ ਉਹ ਇਸ ’ਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੇ ਕੀ ਕਾਰਨ ਰਹੇ ਹੋਣਗੇ, ਉਹ ਹੀ ਦੱਸਣਗੇ। ਇਹ ਪੁੱਛੇ ਜਾਣ ’ਤੇ ਕਿ ਕੀ ਭਵਿੱਖ ’ਚ ਕਿਸ਼ੋਰ ਦੀ ਸਲਾਹ ਲਈ ਜਾਵੇਗੀ ਤਾਂ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਖਿੜਕੀਆਂ, ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ। ਸਾਰਿਆਂ ਦੀ ਸਲਾਹ ਸੁਣਦੇ ਹਾਂ। ਅਸੀਂ ਇਕ ਜੀਵਤ ਸੰਗਠਨ ਹਾ... ਕਦੇ ਖਿੜਕੀਆਂ, ਦਰਵਾਜ਼ੇ ਬੰਦ ਨਹੀਂ ਰੱਖਦੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਜਿਨ੍ਹਾਂ ਕਦਰਾਂ-ਕੀਮਤਾਂ ਨਾਲ ਦੁਨੀਆ ਭਰ ’ਚ ਭਾਰਤ ਦੀ ਪਛਾਣ ਬਣੀ ਹੈ। ਉਨ੍ਹਾਂ ਕਦਰਾਂ-ਕੀਮਤਾਂ ਤੋਂ ਕਾਂਗਰਸ ਦੀ ਪਛਾਣ ਇਸ ਦੇਸ਼ ’ਚ 137 ਸਾਲਾਂ ਤੋਂ ਹੈ।