ਉਲੰਘਣਾ ਕੇਸ: ਪ੍ਰਸ਼ਾਂਤ ਭੂਸ਼ਣ 'ਤੇ ਸੁਪਰੀਮ ਕੋਰਟ ਨੇ ਲਾਇਆ 1 ਰੁਪਏ ਜੁਰਮਾਨਾ

08/31/2020 1:12:35 PM

ਨਵੀਂ ਦਿੱਲੀ— ਨਿਆਪਾਲਿਕਾ ਵਿਰੁੱਧ ਆਪਣੇ ਦੋ ਟਵੀਟਸ ਨੂੰ ਲੈ ਕੇ ਸੁਪਰੀਮ ਕੋਰਟ ਦੀ ਉਲੰਘਣਾ ਦੇ ਦੋਸ਼ੀ ਠਹਿਰਾਏ ਗਏ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਅੱਜ ਯਾਨੀ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਵਲੋਂ ਸਜ਼ਾ ਸੁਣਾ ਦਿੱਤੀ ਗਈ ਹੈ। ਕੋਰਟ ਨੇ ਉਲੰਘਣਾ ਕੇਸ ਵਿਚ ਵਕੀਲ ਪ੍ਰਸ਼ਾਂਤ ਭੂਸ਼ਣ 'ਤੇ ਸਜ਼ਾ ਦੇ ਤੌਰ 'ਤੇ 1 ਰੁਪਏ ਦਾ ਜੁਰਮਾਨਾ ਲਾਇਆ ਹੈ। 1 ਰੁਪਏ ਦਾ ਜੁਰਮਾਨਾ ਨਾ ਭਰਨ 'ਤੇ ਭੂਸ਼ਣ ਨੂੰ 3 ਮਹੀਨੇ ਦੀ ਜੇਲ ਹੋਵੇਗੀ। ਬਸ ਇੰਨਾ ਹੀ ਨਹੀਂ 3 ਸਾਲ ਤੱਕ ਉਨ੍ਹਾਂ ਦੇ ਅਭਿਆਸ 'ਤੇ ਵੀ ਰੋਕ ਲੱਗੇਗੀ। ਸੁਪਰੀਮ ਕੋਰਟ ਨੇ ਭੂਸ਼ਣ ਨੂੰ 15 ਸਤੰਬਰ ਤੱਕ ਉਸ ਦੀ ਰਜਿਸਟਰੀ 'ਚ ਇਕ ਰੁਪਏ ਦੀ ਜੁਰਮਾਨਾ ਰਾਸ਼ੀ ਜਮਾਂ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਭੂਸ਼ਣ ਵਿਰੁੱਧ ਆਪਣਾ ਫ਼ੈਸਲਾ ਸੁਣਾਇਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 25 ਅਗਸਤ ਨੂੰ ਹੋਈ ਸੁਣਵਾਈ 'ਚ ਪ੍ਰਸ਼ਾਂਤ ਭੂਸ਼ਣ ਨੇ ਸੁਣਵਾਈ ਦੌਰਾਨ ਕੋਰਟ ਤੋਂ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਸੁਣਵਾਈ ਦੌਰਾਨ ਬੈਂਚ ਨੇ ਭੂਸ਼ਣ ਨੂੰ ਟਵੀਟਸ ਦੇ ਸੰਬੰਧ 'ਚ ਦੁੱਖ ਜ਼ਾਹਰ ਨਾ ਕਰਨ ਲਈ ਆਪਣੇ ਰੁਖ਼ 'ਤੇ ਵਿਚਾਰ ਰੱਖਣ ਲਈ 30 ਮਿੰਟ ਦਾ ਸਮਾਂ ਵੀ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸਜ਼ਾ ਦਾ ਹੁਕਮ ਸੁਰੱਖਿਅਤ ਰੱਖ ਲਿਆ ਗਿਆ ਸੀ। ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਬੈਂਚ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਇਹ ਸੁਝਾਅ ਹੈ ਕਿ ਭੂਸ਼ਣ ਨੂੰ ਸਜ਼ਾ ਦਿੱਤੇ ਬਿਨਾਂ ਹੀ ਕੇਸ ਨੂੰ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ। ਬੈਂਚ ਨੇ ਕਿਹਾ ਸੀ ਕਿ ਇਕ ਵਿਅਕਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਕਿਹਾ ਕਿ ਉਸ ਨੇ ਭੂਸ਼ਣ ਨੂੰ ਸਮਾਂ ਦਿੱਤਾ ਪਰ ਉਨ੍ਹਾਂ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ।

ਓਧਰ ਭੂਸ਼ਣ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਰਾਜੀਵ ਧਵਨ ਨੇ 25 ਅਗਸਤ ਦੀ ਸੁਣਵਾਈ 'ਚ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਵਲੋਂ 'ਸਟੇਟਸਮੈਨ ਵਰਗਾ ਸੰਦੇਸ਼' ਦਿੱਤਾ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ 14 ਅਗਸਤ ਨੂੰ ਭੂਸ਼ਣ ਨੂੰ ਨਿਆਪਾਲਿਕਾ ਵਿਰੁੱਧ ਉਨ੍ਹਾਂ ਦੇ ਦੋ ਇਤਰਾਜ਼ਯੋਗ ਟਵੀਟਸ ਲਈ ਅਪਰਾਧਕ ਉਲੰਘਣਾ ਦੋਸ਼ੀ ਮੰਨਿਆ ਸੀ।


Tanu

Content Editor

Related News