ਨਿੱਜੀ ਸਕੂਲਾਂ ਲਈ ਸੀ.ਬੀ.ਐੱਸ.ਈ. ਜਾਰੀ ਕਰੇ ਦਿਸ਼ਾ-ਨਿਰਦੇਸ਼ : ਪ੍ਰਕਾਸ਼ ਜਾਵਡੇਕਰ
Wednesday, May 22, 2019 - 03:37 PM (IST)

ਨਵੀਂ ਦਿੱਲੀ— ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮਨਮਾਨੀ ਫੀਸ ਅਤੇ ਅਧਿਆਪਕਾਂ ਨੂੰ ਤੈਅ ਤਨਖਾਹ ਤੋਂ ਘੱਟ ਮਿਲਣ ਦੀਆਂ ਸ਼ਿਕਾਇਤਾਂ ਨੂੰ ਰੋਕਣ ਲਈ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੂੰ ਨਿੱਜੀ ਸਕੂਲਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ। ਜਾਵਡੇਕਰ ਨੇ ਬੁੱਧਵਾਰ ਨੂੰ ਇੱਥੇ ਵਿਗਿਆਨ ਭਵਨ 'ਚ 12ਵੀਂ ਦੀ ਪ੍ਰੀਖਿਆ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ 75 ਵਿਦਿਆਰਥੀਆਂ ਨੂੰ ਗੁਣ ਗੌਰਵ ਪੁਰਸਕਾਰ ਪ੍ਰਦਾਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਸਮਾਰੋਹ 'ਚ ਕੇਂਦਰੀ ਨਵੋਦਿਆ ਸਕੂਲ, ਜਵਾਹਰ ਨਵੋਦਿਆ ਸਕੂਲ ਅਤੇ ਦਿੱਲੀ ਸਰਕਾਰ ਦੇ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਦਿਵਿਆਂਗ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਤੇ ਦਲਿਤ ਵਿਦਿਆਰਥੀਆਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤੇ। ਸਮਾਰੋਹ 'ਚ ਸਕੂਲੀ ਸਿੱਖਿਆ ਸਕੱਤਰ ਰੀਣਾ ਰੇ ਸੀ.ਬੀ.ਐੱਸ.ਈ. ਦੇ ਸਕੱਤਰ ਅਨੁਰਾਗ ਤ੍ਰਿਪਾਠੀ, ਮਨੁੱਖੀ ਵਸੀਲੇ ਵਿਕਾਸ ਮੰਤਰਾਲੇ 'ਚ ਸੰਯੁਕਤ ਸਕੱਤਰ ਆਰ.ਸੀ. ਮੀਣਾ ਅਤੇ ਨਵੋਦਿਆ ਸਕੂਲ ਕਮੇਟੀ ਦੇ ਕਮਿਸ਼ਨਰ ਵੀ.ਕੇ. ਸਿੰਘ ਵੀ ਹਾਜ਼ਰ ਸਨ।
ਜਾਵਡੇਕਰ ਨੇ ਨਿੱਜੀ ਸਕੂਲਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਸੀ.ਬੀ.ਐੱਸ.ਈ. ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਕੂਲਾਂ ਲਈ ਵੀ ਗਾਈਡਲਾਈਨਜ਼ ਜਾਰੀ ਕਰਨ। ਸਕੂਲ ਦੀ ਦੁਕਾਨ ਤੋਂ ਹੀ ਕਿਤਾਬ ਅਤੇ ਡਰੈੱਸ ਲੈਣਾ ਕਿਉਂ ਜ਼ਰੂਰੀ ਹੈ। ਸਕੂਲਾਂ ਦੀ ਫੀਸ ਵੀ ਮਨਮਾਨੀ ਨਾ ਹੋਵੇ। ਉਨ੍ਹਾਂ ਨੂੰ ਫੀਸ ਵਧਾਉਣ ਦਾ ਅਧਿਕਾਰ ਹੋਵੇ ਪਰ ਮਹਿੰਗਾਈ ਦੇ ਹਿਸਾਬ ਨਾਲ ਉਸ ਦਾ ਫੀਸਦੀ ਤੈਅ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿੱਜੀ ਸਕੂਲ ਵੀ ਆਪਣੇ ਖਰਚੇ ਨੂੰ ਜਨਤਕ ਕਰਨ ਅਤੇ ਕੋਈ ਗੁਪਤ ਰਾਸ਼ੀ ਵਿਦਿਆਰਥੀਆਂ ਤੋਂ ਨਾ ਲੈਣ। ਇੰਨਾ ਹੀ ਨਹੀਂ ਅਧਿਆਪਕਾਂ ਨੂੰ ਤਨਖਾਹ ਸਿੱਧੇ ਉਨ੍ਹਾਂ ਦੇ ਬੈਂਕ 'ਚ ਭੇਜਣ। ਮਨੁੱਖੀ ਵਸੀਲੇ ਵਿਕਾਸ ਮੰਤਰੀ ਨੇ ਬੋਰਡ ਦੀਆਂ ਪ੍ਰੀਖਿਆਵਾਂ 'ਚ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਦੀ ਚਰਚਾ ਕਰਦੇ ਹੋਏ ਕਿਹਾ ਕਿ ਕੌਣ ਕਹਿੰਦਾ ਹੈ ਕਿ ਸਰਕਾਰੀ ਸਕੂਲ ਚੰਗੇ ਨਹੀਂ ਹੁੰਦੇ। ਨਵੋਦਿਆ ਸਕੂਲ ਦੇ ਨਤੀਜੇ 99 ਫੀਸਦੀ ਰਹੇ ਤਾਂ ਕੇਂਦਰੀ ਸਕੂਲ ਦੇ ਨਤੀਜੇ 98 ਫੀਸਦੀ ਰਹੇ। ਨਵੋਦਿਆ ਸਕੂਲ ਦੀ ਪ੍ਰਵੇਸ਼ ਪ੍ਰੀਖਿਆ ਲਈ 22 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ, ਜਦੋਂ ਕਿ ਸੀਟ 46 ਹਜ਼ਾਰ ਹੈ। ਇਸ ਤਰ੍ਹਾਂ 60 'ਚੋਂ ਇਕ ਵਿਦਿਆਰਥੀ ਦਾ ਦਾਖਲਾ ਹੁੰਦਾ ਹੈ।