ਆਮ ਆਦਮੀ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ, ਅਗਲੇ 5 ਸਾਲਾਂ ਤਕ ਮਿਲਦਾ ਰਹੇਗਾ ਮੁਫਤ ਅਨਾਜ

Wednesday, Nov 29, 2023 - 09:13 PM (IST)

ਆਮ ਆਦਮੀ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ, ਅਗਲੇ 5 ਸਾਲਾਂ ਤਕ ਮਿਲਦਾ ਰਹੇਗਾ ਮੁਫਤ ਅਨਾਜ

ਨਵੀਂ ਦਿੱਲੀ, (ਭਾਸ਼ਾ)- ਸਰਕਾਰ ਨੇ 81.35 ਕਰੋੜ ਗਰੀਬ ਲੋਕਾਂ ਨੂੰ ਪ੍ਰਤੀ ਮਹੀਨਾ 5 ਕਿਲੋਗ੍ਰਾਮ ਮੁਫਤ ਖੁਰਾਕ ਸਮੱਗਰੀ ਮੁਹੱਈਆ ਕਰਵਾਉਣ ਲਈ ਪੀ. ਐੱਮ. ਜੀ. ਕੇ. ਏ. ਵਾਈ. ਯੋਜਨਾ ਨੂੰ ਅਗਲੇ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿਚ ਇਸ ਸਬੰਧੀ ਫੈਸਲਾ ਲਿਆ ਗਿਆ।

ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ (ਪੀ. ਐੱਮ. ਜੀ. ਕੇ. ਏ. ਵਾਈ.) ਨੂੰ 1 ਜਨਵਰੀ, 2024 ਤੋਂ ਅਗਲੇ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਇਸ ਸਕੀਮ ਨੂੰ ਪਹਿਲਾਂ 31 ਦਸੰਬਰ 2023 ਤੱਕ ਵਧਾਇਆ ਗਿਆ ਸੀ। ਮੰਤਰੀ ਨੇ ਕਿਹਾ ਕਿ ਅਗਲੇ 5 ਸਾਲਾਂ ’ਚ ਇਸ ਯੋਜਨਾ ’ਤੇ ਲਗਭਗ 11.80 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਹ ਵੀ ਪੜ੍ਹੋ- ਪਹਿਲਾਂ ਵੀਡੀਓ ਬਣਾ ਮੰਤਰੀ ਨੂੰ ਕੀਤੀ ਇਹ ਅਪੀਲ, ਫਿਰ ਪਰਿਵਾਰ ਦੇ 5 ਜੀਆਂ ਨੇ ਕਰ ਲਈ ਖ਼ੁਦਕੁਸ਼ੀ

ਕੇਂਦਰੀ ਮੰਤਰੀ ਮੰਡਲ ਨੇ 2 ਸਾਲਾਂ ਲਈ 15,000 ਮਹਿਲਾ ਸਵੈ-ਸਹਾਇਤਾ ਸਮੂਹਾਂ (ਐੱਸ. ਐੱਚ. ਜੀ.) ਨੂੰ ਡਰੋਨ ਮੁਹੱਈਆ ਕਰਵਾਉਣ ਲਈ ਕੇਂਦਰੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਦੀ ਲਾਗਤ 1,261 ਕਰੋੜ ਰੁਪਏ ਹੋਵੇਗੀ। ਇਸ ਸਕੀਮ ਦਾ ਉਦੇਸ਼ 2024-25 ਤੋਂ 2025-2026 ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਦੇ ਉਦੇਸ਼ਾਂ ਲਈ ਕਿਰਾਏ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ 15,000 ਚੁਣੀਆਂ ਗਈਆਂ ਮਹਿਲਾਵਾਂ ਐੱਸ. ਐੱਚ. ਜੀ. ਨੂੰ ਡਰੋਨ ਪ੍ਰਦਾਨ ਕਰਨਾ ਹੈ।

ਕੇਂਦਰੀ ਮੰਤਰੀ ਮੰਡਲ ਨੇ 16ਵੇਂ ਵਿੱਤ ਕਮਿਸ਼ਨ ਲਈ ਸੰਦਰਭ ਦੀਆਂ ਸ਼ਰਤਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਨੋਟੀਫਿਕੇਸ਼ਨ ‘ਉਚਿਤ ਸਮੇਂ ’ਤੇ’ ਜਾਰੀ ਕੀਤਾ ਜਾਵੇਗਾ। ਮੰਤਰੀ ਮੰਡਲ ਦੇ ਫੈਸਲਿਆਂ ਮੁਤਾਬਕ ਕਮਿਸ਼ਨ ਆਪਣੀ ਰਿਪੋਰਟ 31 ਅਕਤੂਬਰ, 2025 ਤੱਕ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ- ਗੋਭੀ ਚੋਰੀ ਕਰਨ ਦੇ ਦੋਸ਼ 'ਚ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਪ੍ਰਧਾਨ ਮੰਤਰੀ ਜਨਜਾਤੀ ਕਬਾਇਲੀ ਨਿਆਂ ਮਹਾ ਅਭਿਆਨ ਨੂੰ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਜਨਜਾਤੀ ਨਿਆਂ ਮਹਾ ਅਭਿਆਨ (ਪੀ. ਐੱਮ.-ਜਨਮਨ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਪੀ. ਐੱਮ.-ਜਨਮਨ’ ਦੇ ਤਹਿਤ, ਕਬਾਇਲੀ ਮਾਮਲਿਆਂ ਦੇ ਮੰਤਰਾਲਾ ਸਮੇਤ 9 ਮੰਤਰਾਲਿਆਂ ਰਾਹੀਂ 11 ਅਹਿਮ ਦਖਲਅੰਦਾਜ਼ੀ ’ਤੇ ਕੇਂਦਰਿਤ ਕੀਤਾ ਜਾਵੇਗਾ।

ਝਾਰਖੰਡ ਦੇ ਖੁੰਟੀ ਵਿਚ ‘ਜਨਜਾਤੀ ਗੌਰਵ ਦਿਵਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੀ ਇਸ ਯੋਜਨਾ ਦਾ ਕੁੱਲ ਖਰਚਾ 24,104 ਕਰੋੜ ਰੁਪਏ ਹੋਵੇਗਾ। ਇਸ ਵਿਚ ਕੇਂਦਰ ਦਾ ਹਿੱਸਾ 15,336 ਕਰੋੜ ਰੁਪਏ ਹੋਵੇਗਾ ਅਤੇ ਸੂਬੇ 8,768 ਕਰੋੜ ਰੁਪਏ ਦਾ ਯੋਗਦਾਨ ਦੇਣਗੇ।

ਇਹ ਵੀ ਪੜ੍ਹੋ- ਮਾਂ ਨੇ ਮੋਬਾਈਲ ਵਰਤਣ ਤੋਂ ਰੋਕਿਆ ਤਾਂ ਧੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ


author

Rakesh

Content Editor

Related News