ਬਿਹਾਰ ਦੇ ਮੰਤਰੀ ਦਾ ਵਾਦ-ਵਿਵਾਦ ਵਾਲਾ ਬਿਆਨ, ਕਿਹਾ- ‘ਰਾਮਚਰਿਤਮਾਨਸ ’ਚ ਪੋਟਾਸ਼ੀਅਮ ਸਾਈਨਾਈਡ’

Saturday, Sep 16, 2023 - 12:47 PM (IST)

ਪਟਨਾ, (ਭਾਸ਼ਾ)- ਬਿਹਾਰ ਦੇ ਸਿੱਖਿਆ ਮੰਤਰੀ ਚੰਦਰਸ਼ੇਖਰ ਨੇ ਇਹ ਦਾਅਵਾ ਕਰ ਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਕਿ ਰਾਮਚਰਿਤਮਾਨਸ ਵਰਗੇ ਪੁਰਾਤਨ ਗ੍ਰੰਥਾਂ ਵਿੱਚ ਇੰਨੇ ਨੁਕਸਾਨਦੇਹ ਤੱਤ ਹਨ ਕਿ ਉਨ੍ਹਾਂ ਦੀ ਤੁਲਨਾ ‘ਪੋਟਾਸ਼ੀਅਮ ਸਾਇਨਾਈਡ’ ਨਾਲ ਕੀਤੀ ਜਾ ਸਕਦੀ ਹੈ।

ਰਾਸ਼ਟਰੀ ਜਨਤਾ ਦਲ ਦੇ ਨੇਤਾ ਨੇ ਵੀਰਵਾਰ ਰਾਤ ਇੱਕ ਪ੍ਰੋਗਰਾਮ ਦੌਰਾਨ ਇਹ ਟਿੱਪਣੀ ਕੀਤੀ, ਜਿਸ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਸ਼ੁੱਕਰਵਾਰ ਸਾਹਮਣੇ ਆਈ। ਮੰਤਰੀ ਨੇ ਕਿਹਾ ਕਿ ਇਹ ਸਿਰਫ ਮੇਰਾ ਵਿਚਾਰ ਨਹੀਂ । ਮਹਾਨ ਹਿੰਦੀ ਲੇਖਕ ਨਾਗਾਰਜੁਨ ਅਤੇ ਸਮਾਜਵਾਦੀ ਚਿੰਤਕ ਰਾਮ ਮਨੋਹਰ ਲੋਹੀਆ ਨੇ ਵੀ ਕਿਹਾ ਹੈ ਕਿ ਰਾਮਚਰਿਤਮਾਨਸ ’ਚ ਕਈ ਪ੍ਰਤੀਕਿਰਿਆਸ਼ੀਲ ਵਿਚਾਰ ਹਨ।

ਇਸ ਸਾਲ ਦੀ ਸ਼ੁਰੂਆਤ ਮੰਤਰੀ ਦੀਆਂ ਅਜਿਹੀਆਂ ਹੀ ਟਿੱਪਣੀਆਂ ਨਾਲ ਹੋਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਾਤੀ ਮਰਦਮਸ਼ੁਮਾਰੀ ਬਰਾਬਰ ਸਮਾਜ ਦੀ ਉਸਾਰੀ ਲਈ ਇੱਕ ਜ਼ਰੂਰੀ ਕਦਮ ਹੈ ਜਿਸ ਵਿੱਚ ਗਟਰਾਂ ਦੀ ਸਫ਼ਾਈ ਵਰਗੇ ਕੰਮਾਂ ਵਿੱਚ ਲੱਗੇ ਲੋਕਾਂ ਦੇ ਸਨਮਾਨ ਨੂੰ ਯਕੀਨੀ ਬਣਾਇਆ ਜਾਂਦਾ ਹੈ। ਰਾਸ਼ਟਰੀ ਜਨਤਾ ਦਲ ਦੇ ਉਕਤ ਨੇਤਾ ਨੂੰ ਸਹਿਯੋਗੀ ਜਨਤਾ ਦਲ (ਯੂ) ਅਤੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਆਪਣੀ ਪਾਰਟੀ ਨੇ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ।

ਭਾਜਪਾ ਦੇ ਮੀਡੀਆ ਪੈਨਲਿਸਟ ਨੀਰਜ ਕੁਮਾਰ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਮਹਾਨ ਸਨਾਤਨ ਧਰਮ ਦਾ ਅਪਮਾਨ ਕੀਤਾ ਹੈ, ਜਿਸ ਵਿੱਚ ਸੰਤ ਰਵਿਦਾਸ ਜੀ ਅਤੇ ਸਵਾਮੀ ਵਿਵੇਕਾਨੰਦ ਵਰਗੇ ਮਹਾਨ ਲੋਕ ਸ਼ਾਮਲ ਹਨ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ’ਤੇ ਚੁੱਪ ਕਿਉਂ ਹਨ?

ਜਨਤਾ ਦਲ (ਯੂ) ਦੇ ਸੂਬਾਈ ਬੁਲਾਰੇ ਅਭਿਸ਼ੇਕ ਝਾਅ ਨੇ ਕਿਹਾ ਕਿ ਸੰਵਿਧਾਨ ਕਹਿੰਦਾ ਹੈ ਕਿ ਸਾਰੇ ਧਰਮਾਂ ਨੂੰ ਬਰਾਬਰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਅਜਿਹਾ ਲੱਗਦਾ ਹੈ ਕਿ ਕੁਝ ਲੋਕ ਸੁਰਖੀਆਂ ’ਚ ਬਣੇ ਰਹਿਣ ਲਈ ਅਜਿਹੀਆਂ ਗੱਲਾਂ ਕਹਿੰਦੇ ਹਨ, ਜਿਨ੍ਹਾਂ ਨੂੰ ਅਸੀਂ ਰੱਦ ਕਰਦੇ ਹਾਂ।


Rakesh

Content Editor

Related News