ਦਿੱਲੀ 'ਚ PM ਮੋਦੀ ਖ਼ਿਲਾਫ਼ ਲੱਗੇ ਪੋਸਟਰ, ਕਰੀਬ 100 FIR ਦਰਜ
Wednesday, Mar 22, 2023 - 11:00 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਰਾਸ਼ਟਰੀ ਰਾਜਧਾਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੋਸਟਰ ਲਗਾਏ ਜਾਣ ਦੇ ਮਾਮਲੇ 'ਚ ਘੱਟੋ-ਘੱਟ 100 ਐੱਫ.ਆਈ.ਆਰ. ਦਰਜ ਕੀਤੀਆਂ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਕਈ ਹਿੱਸਿਆਂ 'ਚ ਕੰਧਾਂ ਅਤੇ ਖੰਭਾਂ 'ਤੇ ਅਜਿਹੇ ਪੋਸਟਰ ਚਿਪਕੇ ਪਾਏ ਗਏ ਸਨ, ਜਿਨ੍ਹਾਂ 'ਤੇ 'ਮੋਦੀ ਹਟਾਓ, ਦੇਸ਼ ਬਚਾਓ' ਲਿਖਿਆ ਸੀ।
ਅਧਿਕਾਰੀਆਂ ਅਨੁਸਾਰ ਘੱਟੋ-ਘੱਟ 2000 ਹਜ਼ਾਰ ਪੋਸਟਰ ਹਟਾਏ ਗਏ ਅਤੇ ਆਈ.ਪੀ. ਐਸਟੇਟ 'ਚ ਇਕ ਵੈਨ ਤੋਂ ਉਸ ਸਮੇਂ ਇੰਨੀ ਹੀ ਗਿਣਤੀ 'ਚ ਪੋਸਟਰ ਜ਼ਬਤ ਕੀਤੇ ਗਏ ਸਨ, ਜਦੋਂ ਉਹ ਡੀ.ਡੀ.ਯੂ. ਮਾਰਗ 'ਤੇ ਆਮ ਆਦਮੀ ਪਾਰਟੀ (ਆਪ) ਦੇ ਹੈੱਡ ਕੁਆਰਟਰ ਤੋਂ ਨਿਕਲ ਰਹੀ ਸੀ। ਉਨ੍ਹਾਂ ਦੱਸਿਆ ਕਿ ਉਕਤ ਵਾਹਨ ਵੀ ਜ਼ਬਤ ਕਰ ਲਿਆ ਗਿਆ ਅਤੇ ਮਾਮਲੇ ਦੇ ਸਿਲਸਿਲੇ 'ਚ 2 ਪ੍ਰਿੰਟਿੰਗ ਪ੍ਰੈੱਸ ਦੇ ਮਾਲਕਾਂ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਸ਼ੇਸ਼ ਪੁਲਸ ਕਮਿਸ਼ਨਰ (ਕਾਨੂੰਨ ਵਿਵਸਥਾ) ਦੀਪੇਂਦਰ ਪਾਠਕ ਨੇ ਪੁਸ਼ਟੀ ਕੀਤੀ ਕਿ ਪੁਲਸ ਨੇ ਪ੍ਰਧਾਨ ਮੰਤਰੀ ਖ਼ਿਲਾਫ਼ ਪੋਸਟਰ ਚਿਪਕਾਉਣ ਦੇ ਮਾਮਲੇ 'ਚ 100 ਐੱਫ.ਆਈ.ਆਰ. ਦਰਜ ਕੀਤੀਆਂ ਹਨ।