ਨਿਤੀਸ਼ ਨੂੰ ਮਿਲੇ ‘ਭਾਰਤ ਰਤਨ’, ਪਟਨਾ ’ਚ ਜਨਤਾ ਦਲ (ਯੂ) ਦੇ ਦਫਤਰ ਦੇ ਬਾਹਰ ਲੱਗੇ ਪੋਸਟਰ
Saturday, Oct 05, 2024 - 09:19 PM (IST)
ਪਟਨਾ, (ਭਾਸ਼ਾ)- ਜਨਤਾ ਦਲ (ਯੂ) ਨੇ ਸ਼ਨੀਵਾਰ ਰਾਜਧਾਨੀ ਪਟਨਾ ’ਚ ਕਈ ਥਾਵਾਂ ’ਤੇ ਪੋਸਟਰ ਲਾ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ।
ਅਜਿਹਾ ਹੀ ਇਕ ਪੋਸਟਰ ਬੀਰਚੰਦ ਪਟੇਲ ਮਾਰਗ ’ਤੇ ਜਨਤਾ ਦਲ (ਯੂ) ਦੇ ਉਸ ਦਫਤਰ ਦੇ ਮੁੱਖ ਗੇਟ ਦੇ ਬਿਲਕੁਲ ਕੋਲ ਲੱਗਾ ਵੇਖਿਆ ਗਿਆ, ਜਿੱਥੇ ਪਾਰਟੀ ਪ੍ਰਧਾਨ ਨਿਤੀਸ਼ ਕੁਮਾਰ ਸੂਬਾਈ ਕਾਰਜਕਾਰਨੀ ਦੀ ਹੋ ਰਹੀ ਬੈਠਕ ਵਿਚ ਹਿੱਸਾ ਲੈ ਰਹੇ ਸਨ।
ਜਨਤਾ ਦਲ (ਯੂ) ਦੇ ਇਕ ਨੇਤਾ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ‘ਭਾਰਤ ਰਤਨ’ ਦੀ ਮੰਗ ਜਨਤਾ ਦਲ (ਯੂ) ਦਾ ਅਧਿਕਾਰਤ ਸਟੈਂਡ ਹੈ ਪਰ ਪਾਰਟੀ ਦਾ ਹਰ ਵਰਕਰ ਦਿਲੋਂ ਮੰਨਦਾ ਹੈ ਕਿ ਨਿਤੀਸ਼ ਕੁਮਾਰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਦੇ ਹੱਕਦਾਰ ਹਨ। ਨਿਤੀਸ਼ ਕੁਮਾਰ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੁੱਖ ਮੰਤਰੀ ਹਨ ਜੋ 2005 ਤੋਂ ਸੂਬੇ ਦੀ ਸੱਤਾ ਤੇ ਕਾਬਜ਼ ਹਨ। ਇਸ ਦੌਰਾਨ ਕੁਝ ਮਹੀਨਿਆਂ ਲਈ ਜੀਤਨ ਰਾਮ ਮਾਂਝੀ ਮੁੱਖ ਮੰਤਰੀ ਰਹੇ ਸਨ।