ਪੁੰਛ ਅੱਤਵਾਦੀ ਹਮਲਾ: ਅਮਰੀਕੀ ਅਸਾਲਟ ਰਾਈਫਲਾਂ ਨਾਲ ਅੱਤਵਾਦੀਆਂ ਨੇ ਜਵਾਨਾਂ ’ਤੇ ਚਲਾਈਆਂ ਸਨ ਗੋਲੀਆਂ

Saturday, Dec 23, 2023 - 11:06 AM (IST)

ਪੁੰਛ ਅੱਤਵਾਦੀ ਹਮਲਾ: ਅਮਰੀਕੀ ਅਸਾਲਟ ਰਾਈਫਲਾਂ ਨਾਲ ਅੱਤਵਾਦੀਆਂ ਨੇ ਜਵਾਨਾਂ ’ਤੇ ਚਲਾਈਆਂ ਸਨ ਗੋਲੀਆਂ

ਪੁੰਛ/ਜੰਮੂ (ਉਦਯ/ਧਨੁਜ)- ਸੁਰੱਖਿਆ ਫੋਰਸਾਂ ਜੰਮੂ-ਕਸ਼ਮੀਰ ਨੇ ਪੁੰਛ ਜ਼ਿਲ੍ਹੇ ਦੇ ਬਫਿਲਿਆਜ਼ ਦੇ ਸਾਵਨੀ ’ਚ ਫ਼ੌਜ ’ਤੇ ਵੀਰਵਾਰ ਹੋਏ ਅੱਤਵਾਦੀ ਹਮਲੇ 'ਚ 5 ਜਵਾਨ ਸ਼ਹੀਦ ਹੋ ਗਏ। ਇਸ ਸਬੰਧ ਵਿਚ ਅੱਤਵਾਦੀਆਂ ਦੀ ਭਾਲ ਲਈ ਸ਼ੁੱਕਰਵਾਰ ਤਲਾਸ਼ੀ ਮੁਹਿੰਮ ਜਾਰੀ ਰੱਖੀ। ਜੰਮੂ-ਕਸ਼ਮੀਰ ਪੁਲਸ ਦੇ ਡੀ. ਜੀ. ਪੀ. ਆਰ.ਆਰ. ਸਵੈਨ, ਆਈ. ਜੀ. ਪੀ ਆਨੰਦ ਜੈਨ ਅਤੇ ਫੌਜੀ ਦੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਜਵਾਨਾਂ ’ਤੇ ਹਮਲੇ ਸਬੰਧੀ ਪੁੱਛਗਿੱਛ ਲਈ 20 ਨਾਗਰਿਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਜਿੱਥੇ ਅੱਤਵਾਦੀਆਂ ਨੇ ਜਵਾਨਾਂ ’ਤੇ ਹਮਲਾ ਕਰਨ ਲਈ ਗ੍ਰੇਨੇਡ ਦੀ ਵਰਤੋਂ ਕੀਤੀ, ਉਥੇ ਨਾਲ ਹੀ ਉਨ੍ਹਾਂ ਗੋਲੀਆਂ ਚਲਾਉਣ ਲਈ ਅਮਰੀਕੀ ਅਸਾਲਟ ਰਾਈਫਲਾਂ ਦੀ ਵਰਤੋਂ ਕੀਤੀ ਤਾਂ ਜੋ ਜਵਾਨਾਂ ਨੂੰ ਸੰਭਲਣ ਦਾ ਮੌਕਾ ਨਾ ਮਿਲੇ। ਫੌਜ ਦੀਆਂ 2 ਮੋਟਰ-ਗੱਡੀਆਂ ਵਿਚ 8 ਜਵਾਨ ਸਵਾਰ ਸਨ।

ਇਹ ਵੀ ਪੜ੍ਹੋ- ਫ਼ੌਜ ਦੇ ਵਾਹਨਾਂ 'ਤੇ ਹਮਲਾ : 5 ਜਵਾਨ ਸ਼ਹੀਦ, 2 ਜ਼ਖ਼ਮੀ ; ਹਥਿਆਰ ਲੁੱਟ ਕੇ ਦੌੜੇ ਅੱਤਵਾਦੀ

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਮੋਟਰ-ਗੱਡੀਆਂ ’ਚ ਸਵਾਰ ਕੁਝ ਫੌਜੀ ਜਵਾਨ ਪਹਿਲਾਂ ਹੀ ਉਤਰ ਗਏ ਸਨ। ਜੇ ਇਨ੍ਹਾਂ ਵਿਚ ਹੋਰ ਜਵਾਨ ਹੁੰਦੇ ਤਾਂ ਵਧੇਰੇ ਜਾਨੀ ਨੁਕਸਾਨ ਹੋ ਸਕਦਾ ਸੀ। ਰਿਪੋਰਟਾਂ ਮੁਤਾਬਕ ਸੜਕ ਕਿਨਾਰੇ ਖੜ੍ਹੇ ਕੁਝ ਬੱਕਰਵਾਲਿਆਂ ਨੇ ਫੌਜੀ ਗੱਡੀ ਨੂੰ ਰੋਕ ਲਿਆ ਸੀ। ਇਸ ਦੌਰਾਨ ਹੀ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ‘ਬੈਟ’ ਦੀ ਤਰਜ਼ 'ਤੇ ਇਹ ਹਮਲਾ ਕੀਤਾ । ਜਵਾਨਾਂ ਦੀਆਂ ਲਾਸ਼ਾਂ ਨੂੰ ਵੀ ਵਿਗਾੜ ਦਿੱਤਾ।

ਲਗਾਤਾਰ ਹੋ ਰਹੇ ਹਮਲਿਆਂ ਤੋਂ ਸਬਕ ਨਹੀਂ ਸਿੱਖ ਰਹੀਆਂ ਸੁਰੱਖਿਆ ਏਜੰਸੀਆਂ

ਪੁੰਛ ਤੇ ਰਾਜੌਰੀ ਜ਼ਿਲ੍ਹਿਆਂ ’ਚ ਸੁਰੱਖਿਆ ਫੋਰਸਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਸੁਰੱਖਿਆ ਏਜੰਸੀਆਂ ਸਬਕ ਨਹੀਂ ਸਿੱਖ ਰਹੀਆਂ। ਅੱਤਵਾਦੀਆਂ ਨੇ ਇਕ ਵਾਰ ਮੁੜ ਚਲਾਕੀ ਨਾਲ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਤੇ 5 ਜਵਾਨ ਸ਼ਹੀਦ ਹੋ ਗਏ। ਸ਼ੁੱਕਰਵਾਰ ਰਾਤ ਤੱਕ ਹਮਲਾਵਰ ਅੱਤਵਾਦੀਆਂ ਦਾ ਕੋਈ ਸੁਰਾਗ ਨਹੀਂ ਲੱਗਾ ਸੀ। ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ। ਅੱਤਵਾਦੀਆਂ ਨੇ ਰਾਜੌਰੀ ਅਤੇ ਪੁੰਛ ਜ਼ਿਲਿਆਂ ’ਚ ਅਜਿਹੇ 4 ਵੱਡੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਕੇ ਸੁਰੱਖਿਆ ਫੋਰਸਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ ਮਗਰੋਂ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ

ਰਾਸ਼ਟਰੀ ਰਾਈਫਲਜ਼ ਨਾਲ ਸਬੰਧਤ ਸਨ ਸ਼ਹੀਦ ਹੋਏ ਜਵਾਨ

ਸ਼ਹੀਦ ਹੋਏ ਸਾਰੇ ਜਵਾਨ ਰਾਸ਼ਟਰੀ ਰਾਈਫਲਜ਼ ਨਾਲ ਸਬੰਧਤ ਸਨ। ਸ਼ਹੀਦ ਹੋਏ 4 ਜਵਾਨਾਂ ਦੀ ਪਛਾਣ ਨਾਇਕ ਬੀਰੇਂਦਰ ਸਿੰਘ, ਨਾਇਕ ਕਰਨ ਕੁਮਾਰ, ਰਾਈਫਲਮੈਨ ਚੰਦਨ ਕੁਮਾਰ ਤੇ ਰਾਈਫਲਮੈਨ ਗੌਤਮ ਕੁਮਾਰ ਵਜੋਂ ਹੋਈ ਹੈ। 5ਵੇਂ ਸ਼ਹੀਦ ਜਵਾਨ ਦੀ ਪਛਾਣ ਨਹੀਂ ਦੱਸੀ ਗਈ।

ਪੁੰਛ ਤੇ ਰਾਜੌਰੀ ਜ਼ਿਲਿਆਂ ਦੀਆਂ ਕੁਝ ਸੜਕਾਂ ਬਣੀਆਂ ‘ਡੈੱਥ ਟ੍ਰੈਪ’

ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਦੀਆਂ ਕੁਝ ਸੜਕਾਂ ਸੁਰੱਖਿਆ ਫੋਰਸਾਂ ਲਈ ‘ਡੈੱਥ ਟ੍ਰੈਪ’ ਬਣ ਗਈਆਂ ਹਨ। ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੇ ਇੰਨੀ ਡੂੰਘਾਈ ਨਾਲ ਰੇਕੀ ਕੀਤੀ ਤੇ ਹਮਲੇ ਲਈ ਅਜਿਹੀ ਥਾਂ ਚੁਣੀ ਜਿੱਥੇ ਵਧੇਰੇ ਨੁਕਸਾਨ ਹੋ ਸਕਦਾ ਹੈ। ਜਿਸ ਥਾਂ ’ਤੇ ਹਮਲਾ ਹੋਇਆ , ਉਸ ਦੇ ਸਾਹਮਣੇ ਪਹਾੜ ’ਤੇ ਬੱਕਰਵਾਲਿਆਂ ਦੀ ਢੋਕ ਹੈ ਜੋ ਪਸ਼ੂਆਂ ਨੂੰ ਚਰਾਉਣ ਲਈ ਵਰਤੀ ਜਾਂਦੀ ਹਨ। ਬੱਕਰਵਾਲੇ ਖੁੱਦ ਵੀ ਕਈ ਵਾਰ ਇੱਥੇ ਕੁਝ ਦਿਨ ਗੁਜ਼ਾਰਦੇ ਹਨ। ਭਟਾਦੁਰੀਆ ’ਚ ਵੀ ਅੱਤਵਾਦੀਆਂ ਨੇ ਅਜਿਹੀ ਥਾਂ ਚੁਣੀ ਜਿੱਥੇ ਫੌਜੀ ਮੋਟਰ-ਗੱਡੀਆਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕੇ। ਇਸੇ ਥਾਂ ’ਤੇ 2000 ਸੰਨ ’ਚ ਸੈਸ਼ਨ ਜੱਜ ਵਿਜੇ ਕੁਮਾਰ ਫੂਲ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੰਘਣੇ ਜੰਗਲਾਂ ਨਾਲ ਘਿਰੀ ਇਸ ਸੜਕ ਦੀ ਹਾਲਤ ਖ਼ਰਾਬ ਹੈ। ਇੱਥੇ ਤੇਜ਼ ਰਫ਼ਤਾਰ ਨਾਲ ਮੋਟਰ-ਗੱਡੀ ਚਲਾਉਣੀ ਔਖੀ ਹੈ। ਸ਼ਾਇਦ ਇਸੇ ਲਈ ਅੱਤਵਾਦੀਆਂ ਨੇ ਇਸ ਥਾਂ ਨੂੰ ਚੁਣਿਆ।

ਇਹ ਵੀ ਪੜ੍ਹੋ-  ਸ਼ਰਮਨਾਕ! 16 ਸਾਲ ਦੀ ਵਿਦਿਆਰਥਣ ਨਾਲ ਦਰਿੰਦਗੀ, 7 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਪੀ. ਏ. ਐੱਫ. ਐੱਫ. ਨੇ ਹਮਲੇ ਦੀ ਲਈ ਜ਼ਿੰਮੇਵਾਰੀ

ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸੰਗਠਨ ਪੀਪਲਜ਼ ਐਂਟੀ ਫਾਸੀਵਾਦੀ ਫਰੰਟ (ਪੀ. ਏ. ਐੱਫ. ਐੱਫ.) ਨੇ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਲਈ ਹੈ। ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ’ਚ ਬੰਦੂਕ ਨਾਲ ਆਪਣੇ ਸੰਗਠਨ ਦਾ ਨਾਂ ਲਿਖ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਬਾਰੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਗਿਆ। ਇਸੇ ਸੰਗਠਨ ਨੇ ਹੀ ਇਸ ਸਾਲ ਅਗਸਤ ਵਿੱਚ ਕੁਲਗਾਮ ਵਿਖੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉਸ ਵਿੱਚ 3 ਅਧਿਕਾਰੀ ਸ਼ਹੀਦ ਹੋ ਗਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News