ਪ੍ਰਦੂਸ਼ਣ ਕਾਰਨ ਦਿੱਲੀ ਦੇ ਲਾਲ ਕਿਲੇ ਨੂੰ ਤੇਜ਼ੀ ਨਾਲ ਪਹੁੰਚ ਰਿਹੈ ਨੁਕਸਾਨ
Monday, Sep 15, 2025 - 11:48 PM (IST)

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਦੀ ਬਦਤਰ ਹੁੰਦੀ ਜਾ ਰਹੀ ਹਵਾ ਕਾਰਨ ਲਾਲ ਕਿਲਾ ਤੇਜ਼ੀ ਨਾਲ ਨੁਕਸਾਨਿਆ ਜਾ ਰਿਹਾ ਹੈ। ਇਕ ਹਾਲ ਹੀ ਦੇ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। ਇਕ ਨਵੇਂ ਭਾਰਤੀ– ਇਤਾਲਵੀ ਅਧਿਐਨ ਅਨੁਸਾਰ 17ਵੀਂ ਸਦੀ ਦੀ ਇਸ ਯਾਦਗਾਰ ਦੀ ਲਾਲ ਰੇਤਲੇ ਪੱਥਰਾਂ ਦੀਆਂ ਕੰਧਾਂ ’ਤੇ ਪ੍ਰਦੂਸ਼ਣ ਕਾਰਨ ਕਾਲੀਆਂ ਪਰਤਾਂ ਲਗਾਤਾਰ ਜੰਮ ਰਹੀਆਂ ਹਨ, ਜਿਸ ਕਾਰਨ ਇਸ ਦੀ ਬਣਤਰ ਤੇ ਸੁੰਦਰਤਾ ਲਈ ਖਤਰਾ ਬਣ ਗਿਆ ਹੈ।
ਅਧਿਐਨ ਦਾ ਸਿਰਲੇਖ ਹੈ-‘ਇਕ ਸੱਭਿਆਚਾਰਕ ਵਿਰਾਸਤੀ ਭਵਨ ’ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਲਾਲ ਰੇਤਲੇ ਪੱਥਰ ’ਤੇ ਕਾਲੀ ਪਰਤ ਦੇ ਲੱਛਣਾਂ ਦਾ ਵਰਣਨ : ਲਾਲ ਕਿਲਾ, ਦਿੱਲੀ, ਭਾਰਤ।’ ਇਹ ਅਧਿਐਨ ਇਸ ਗੱਲ ਦੀ ਪਹਿਲੀ ਵਿਆਪਕ ਵਿਗਿਆਨਕ ਜਾਂਚ ਹੈ ਕਿ ਸ਼ਹਿਰੀ ਹਵਾ ਪ੍ਰਦੂਸ਼ਣ 1639 ਤੇ 1648 ਦਰਮਿਆਨ ਸਮਰਾਟ ਸ਼ਾਹਜਹਾਂ ਵੱਲੋਂ ਬਣਵਾਈ ਗਈ ਇਸ ਇਤਿਹਾਸਕ ਯਾਦਗਾਰ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ।
ਭਾਰਤ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਤੇ ਇਟਲੀ ਦੇ ਵਿਦੇਸ਼ ਮੰਤਰਾਲਾ ਵਿਚਾਲੇ ਸਹਿਯੋਗ ਦੇ ਤਹਿਤ ਇਹ ਸੋਧ ਇਸ ਸਾਲ ਭਾਰਤੀ ਤਕਨਾਲੋਜੀ ਸੰਸਥਾਨ-ਰੁੜਕੀ, ਭਾਰਤੀ ਤਕਲਾਲੋਜੀ ਸੰਸਥਾਨ-ਕਾਨਪੁਰ, ਵੇਨਿਸ ਦੇ ਕਾ’ ਫੋਸਕਾਰੀ ਯੂਨੀਵਰਸਿਟੀ ਤੇ ਭਾਰਤੀ ਪੁਰਾਤਤਵ ਸਰਵੇਖਣ (ਏ. ਐੱਸ. ਆਈ.) ਦੇ ਵਿਗਿਆਨੀਆਂ ਵੱਲੋਂ ਕੀਤਾ ਗਿਆ ਸੀ।